ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲੁਆਉਣ ਦੇ ਮਾਮਲੇ ਵਿੱਚ ਕਿਸਾਨਾਂ ਖਿਲਾਫ਼ ਦਰਜ ਕੀਤੇ ਗਏ ਕੇਸਾਂ ਵਿਰੁੱਧ ਭਾਰਤੀ ਕਿਸਾਨ ਸਿੱਧੂਪੁਰ ਵੱਲੋਂ ਥਾਣਾ ਨੇਹੀਆਂ ਵਾਲਾ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ 100 ਦੇ ਕਰੀਬ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਗਲੀ ਬਿਜਾਈ ਲਈ ਸਮਾਂ ਲੰਘਦਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਪਈ ਪਰਾਲੀ ਸਾਂਭੀ ਨਹੀਂ ਜਾ ਰਹੀ ਜਿਸ ਕਰਕੇ ਕਿਸਾਨ ਅੱਜ ਮਜ਼ਬੂਰੀ ਵੱਸ ਪਰਾਲੀ ਦੀਆਂ ਭਰੀਆਂ ਹੋਈਆਂ ਟਰਾਲੀਆਂ ਥਾਣੇ ਅੱਗੇ ਲੱਗੇ ਧਰਨੇ ਵਿੱਚ ਲੈ ਕੇ ਆਏ ਹਨ, ਜਿਸ ਕਰਕੇ ਬਹੁਤ ਲੰਮਾ ਜਾਮ ਵੀ ਲੱਗ ਗਿਆ। ਦੂਰ ਦੂਰ ਤੱਕ ਕਿਸਾਨਾਂ ਦੀਆਂ ਪਰਾਲੀਆਂ ਨਾਲ ਭਰੀਆਂ ਹੋਈਆਂ ਟਰਾਲੀਆਂ ਹੀ ਨਜ਼ਰ ਆ ਰਹੀਆਂ ਹਨ, ਸੜਕ ਪੂਰੀ ਜਾਮ ਹੋਈ ਪਈ ਹੈ।
ਦਰਅਸਲ, ਸੋਮਵਾਰ ਰਾਤ ਨੂੰ ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਪੁੱਜੇ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਸਮੇਤ 70 ਦੇ ਕਰੀਬ ਕਿਸਾਨਾਂ ਨੂੰ ਸਥਾਨਕ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਦੀ ਰਿਹਾਈ ਲਈ ਇਹ ਧਰਨਾ ਲਗਾਤਾਰ ਜਾਰੀ ਹੈ।