India Punjab

ਗੁਜਰਾਤ ਤੋਂ ਫੜੀ ਕਰੋੜਾਂ ਦੀ ਹਰੋਇਨ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ

ਦ ਖ਼ਾਲਸ ਬਿਊਰੋ : ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ ਫੜੀ ਗਈ 350 ਕਰੋੜ ਰੁਪਏ ਦੀ 75 ਕਿਲੋ ਹੈਰੋਇਨ ਦੇ ਤਾਰ ਹੁਣ ਪੰਜਾਬ ਨਾਲ ਸਿੱਧੇ ਸਿੱਧੇ ਜੁੜ ਗਏ ਹਨ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਗੁਜਰਾਤ ਦੇ ਦੋ ਆਈਪੀਐਸ ਅਧਿਕਾਰੀ  ਦੇਰ ਸ਼ਾਮ ਲੁਧਿਆਣਾ ਪੁੱਜੇ। ਅਧਿਕਾਰੀਆਂ ਨੇ ਪੰਜਾਬ ਪੁਲਿਸ ਨਾਲ ਭਾਮੀਆਂ ਇਲਾਕੇ ਵਿੱਚ ਛਾਪੇਮਾਰੀ ਕੀਤੀ ਅਤੇ ਇੱਕ ਨੌਜਵਾਨ ਸ਼ਤਰੂਘਨ ਨੂੰ ਹਿਰਾਸਤ ਵਿੱਚ ਲੈ ਲਿਆ ਸੀ ।

ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੁਜਰਾਤ ਪੁਲੀਸ ਦੇ ਦੋ ਆਈਪੀਐਸ ਅਧਿਕਾਰੀ ਲੁਧਿਆਣਾ ਆਏ ਸਨ। ਜਿਸ ਨੇ ਭਾਮੀਆਂ ਦੇ ਸ਼ਤਰੂਘਨ ਨੂੰ 75 ਕਿਲੋ ਹੈਰੋਇਨ ਮਾਮਲੇ ‘ਚ ਹਿਰਾਸਤ ‘ਚ ਲਿਆ ਹੈ। ਪੁਲਿਸ ਇਸ ਮਾਮਲੇ ‘ਚ ਸ਼ਤਰੂਘਨ ਤੋਂ ਗੁਜਰਾਤ ‘ਚ ਪੁੱਛਗਿੱਛ ਕਰੇਗੀ। ਸ਼ਤਰੂਘਨ ਲੁਧਿਆਣਾ ਵਿੱਚ ਕਸਟਮ ਹਾਊਸ ਵਿੱਚ ਏਜੰਟ ਵਜੋਂ ਕੰਮ ਕਰਦਾ ਸੀ।

ਇੱਥੇ ਜਿਕਰ ਕਰਨਾ ਬਣਦਾ ਹੈ ਕਿ ਗੁਜਰਾਤ ਪੁਲਿਸ ਨੇ  ਪੰਜਾਬ ਪੁਲਿਸ ਦੀ ਮਦਦ ਨਾਲ ਮੁੰਦਰਾ ਬੰਦਰਗਾਹ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਜਿਸ ਦੀ ਕੀਮਤ 350 ਕਰੋੜ ਰੁਪਏ ਹੈ। ਇਹ ਹੈਰੋਇਨ ਮੁੰਦਰਾ ਬੰਦਰਗਾਹ ਤੋਂ ਪੰਜਾਬ ਆਉਣੀ ਸੀ। ਫਿਰ ਪੰਜਾਬ ਤੋਂ ਹੋਰ ਥਾਵਾਂ ਤੇ ਭੇਜੀ ਜਾਣੀ ਸੀ। ਇਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਮਿਲੀ, ਜਿਸ ਤੋਂ ਬਾਅਦ ਕੇਂਦਰੀ ਏਜੰਸੀਆਂ ਅਤੇ ਗੁਜਰਾਤ ਪੁਲਿਸ ਦੇ ਤਾਲਮੇਲ ਨਾਲ ਤੁਰੰਤ ਪੂਰੀ ਕਾਰਵਾਈ ਕੀਤੀ ਗਈ।

ਪੰਜਾਬ ਪੁਲਿਸ ਹੁਣ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੂੰ ਇਹ ਹੈਰੋਇਨ ਪਹੁੰਚਾਈ ਜਾਣੀ ਸੀ। ਮੁੱਢਲੀ ਜਾਂਚ ਮੁਤਾਬਕ ਇਹ ਕੰਟੇਨਰ ਦੁਬਈ ਦੇ ਜੁਵੈਲ ਅਲੀ ਬੰਦਰਗਾਹ ਤੋਂ ਆਇਆ ਸੀ। ਜਿਸ ਵਿੱਚ ਪੰਜਾਬ ਪੁਲਿਸ ਨੂੰ ਹੈਰੋਇਨ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਗੁਜਰਾਤ ਦੀ ਏਟੀਐਸ ਨਾਲ ਤਾਲਮੇਲ ਕਰਕੇ ਉੱਥੇ ਚੈਕਿੰਗ ਕੀਤੀ ਗਈ। ਜਿਸ ਤੋਂ ਬਾਅਦ ਹੈਰੋਇਨ ਬਰਾਮਦ ਹੋਈ। ਇਸ ਨੂੰ ਕੱਪੜਿਆਂ ਵਿੱਚ ਲੁਕੋ ਕੇ ਲਿਆਂਦਾ ਗਿਆ ਸੀ।