Punjab

ਪੀਆਰਟੀਸੀ ਅਤੇ ਪਨਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੀਆਰਟੀਸੀ ਅਤੇ ਪਨਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਠੇਕਾ ਮੁਲਾਜ਼ਮ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਬਜ਼ਿੱਦ ਹਨ ਪਰ ਉਨ੍ਹਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਲਈ ਠੇਕਾ ਮੁਲਾਜ਼ਮਾਂ ਨੇ ਆਮ ਲੋਕਾਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਨ੍ਹਾਂ ਦਾ ਵੀ ਮਨ ਹੜਤਾਲ ਕਰਨ ਨੂੰ ਨਹੀਂ ਕਰਦਾ ਪਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਹੀ ਨਹੀਂ ਮੰਨ ਰਹੀ ਜਿਸ ਕਰਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।

ਦਰਅਸਲ, ਪੰਜਾਬ ਸਰਕਾਰ ਵੱਲੋਂ ਮੁੜ ਗੱਲਬਾਤ ਦਾ ਸੱਦਾ ਨਾ ਆਉਣ ਕਾਰਨ‌ ਪਨਬੱਸ-ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੇ ‌ਸਾਰੇ 27 ਡਿਪੂਆਂ ਵਿੱਚ ਹੜਤਾਲ ਰੱਖ ਕੇ ਧਰਨਾ ਲਾਇਆ ਹੋਇਆ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਮਸਲੇ ਦੇ ਹੱਲ ‌ਲਈ‌ ਭਰੋਸਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਜਥੇਬੰਦੀ ਨੇ ਅੱਜ ਲਗਾਤਾਰ ਛੇਵੇਂ ਦਿਨ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਜਥੇਬੰਦੀ ਅਨੁਸਾਰ ਅੱਜ ਪੰਜਾਬ ਭਰ ਦੇ ਸਾਰੇ ਡਿਪੂਆਂ ਵਿੱਚ ਸਰਕਾਰ ਵਿਰੋਧੀ ਧਰਨੇ ਲਾਏ ਗਏ ਹਨ।