‘ਦ ਖ਼ਾਲਸ ਬਿਊਰੋ : ਲਾਡੋਵਾਲ ਟੋਲ ਪਲਾਜ਼ਾ ‘ਤੇ ਪਿਛਲੇ 7 ਦਿਨਾਂ ਤੋਂ ਚੱਲ ਰਹੀ 108 ਐਂਬੂਲੈਂਸ ਚਾਲਕਾਂ ਦੀ ਹੜਤਾਲ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਐਂਬੂਲੈਂਸ ਐਸੋਸੀਏਸ਼ਨ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ ਅਤੇ ਅੱਜ ਤੋਂ 108 ਐਂਬੂਲੈਂਸ ਦੀ ਸੇਵਾ ਮੁੜ ਸ਼ੁਰੂ ਹੋ ਗਈ ਹੈ। ਐਸੋਸੀਏਸ਼ਨ ਦਾ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ। ਕੱਲ੍ਹ ਐਂਬੂਲੈਂਸ ਐਸੋਸੀਏਸ਼ਨ ਦੀ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੋਈ ਸੀ। ਇਸ ਦੌਰਾਨ ਸਰਕਾਰ ਨੇ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸਨ ਤਨਖਾਹ ਵਧਾਉਣਾ ਅਤੇ ਬਰਖਾਸਤ ਐਂਬੂਲੈਂਸ ਮੁਲਾਜ਼ਮਾਂ ਨੂੰ ਵਾਪਸ ਬਹਾਲ ਕਰਨਾ, ਜਿਸਨੂੰ ਸਰਕਾਰ ਨੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।
ਦਰਅਸਲ, ਪਿਛਲੇ 7 ਦਿਨਾਂ ਤੋਂ 108 ਐਂਬੂਲੈਂਸ ਦੇ ਡਰਾਈਵਰ ਆਪਣੀਆਂ ਮੰਗਾਂ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੰਜਾਬ ਸਰਕਾਰ ਖਿਲਾਫ ਧਰਨੇ ‘ਤੇ ਬੈਠੇ ਸਨ। ਪੰਜਾਬ ਦੀਆਂ ਸਾਰੀਆਂ 325 ਐਂਬੂਲੈਂਸਾਂ ਵੀ ਉੱਥੇ ਹੀ ਤਾਇਨਾਤ ਸਨ। ਕੱਲ੍ਹ ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਐਂਬੂਲੈਂਸ ਦੀ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦੌਰਾਨ ਮੰਤਰੀ ਨੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ।
ਐਸੋਸੀਏਸ਼ਨ ਵੱਲੋਂ ਪ੍ਰਾਈਵੇਟ ਠੇਕੇਦਾਰ ਦਾ ਸਮਝੌਤਾ ਰੱਦ ਕਰਕੇ ਸਾਰੀਆਂ ਐਂਬੂਲੈਂਸਾਂ ਨੂੰ ਸਰਕਾਰ ਦੇ ਅਧੀਨ ਲੈਣ ਅਤੇ ਹਰਿਆਣਾ ਸਰਕਾਰ ਵਾਂਗ ਸਾਰੇ ਮੁਲਾਜ਼ਮਾਂ ਨੂੰ ਸਹੂਲਤਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ 6 ਦਿਨਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਐਂਬੂਲੈਂਸ ਐਸੋਸੀਏਸ਼ਨ ਨੂੰ ਧਰਨਾ ਖਤਮ ਕਰਨ ਲਈ ਕਹਿ ਰਹੇ ਸਨ। ਹੁਣ ਆਖ਼ਰਕਾਰ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੁਣ ਐਂਬੂਲੈਂਸ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।