India

ਕਿਸਾਨਾਂ ਨੇ ਕੱਲ੍ਹ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਲਈ ਤਿਆਰ ਕੀਤੀ ਰਣਨੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ ) :- ਸਿੰਘੂ ਬਾਰਡਰ ‘ਤੇ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਕੱਲ੍ਹ ਹੋਈ ਮੀਟਿੰਗ ਬਾਰੇ ਸਵੈ-ਪੜਚੋਲ ਕੀਤੀ ਗਈ। ਇਸ ਦੇ ਨਾਲ ਹੀ ਕੱਲ੍ਹ ਨੂੰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਣ ਵਾਲੀ ਮੀਟਿੰਗ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ ਹੈ।

ਇਸ ਮੀਟਿੰਗ ਤੋਂ ਬਾਅਦ ਸੀਨੀਅਰ ਕਿਸਾਨ ਲੀਡਰ ਜਗਮੋਹਨ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਜ਼ੋਰ ਹੀ ਸਰਕਾਰ ‘ਤੇ ਬਣਾਉਣਗੇ।
ਉਨ੍ਹਾਂ ਕਿਹਾ ਕਿ, “ਉਹੀ ਨੁਮਾਇੰਦੇ ਮੀਟਿੰਗ ਵਿੱਚ ਜਾਣਗੇ ਜੋ ਕੱਲ੍ਹ ਗਏ ਸੀ। ਕੱਲ੍ਹ ਦੀ ਮੀਟਿੰਗ ਵਿੱਚ ਕੁੱਝ ਅਨੁਸ਼ਾਸਨ ਭੰਗ ਹੋਇਆ ਸੀ ਜਿਸ ਦਾ ਖਿਆਲ ਹੁਣ ਅਗਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ।”

ਕਿਸਾਨ ਲੀਡਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੰਯੁਕਤ ਕਮੇਟੀ ਬਣਾਉਣ ਦੇ ਨਾਂ ‘ਤੇ ਮਸਲੇ ਨੂੰ ਲਟਕਾਉਣਾ ਚਾਹੁੰਦੀ ਹੈ। ਸਰਕਾਰ MSP ‘ਤੇ ਗਾਰੰਟੀ ਦੇਵੇ। ਅਸੀਂ ਕੇਂਦਰ ਸਰਕਾਰ ਨੂੰ ਲਿਖਤੀ ਤੌਰ ‘ਤੇ ਖੇਤੀ ਕਾਨੂੰਨਾਂ ਦੀ ਖਾਮੀਆਂ ਦੱਸਾਂਗੇ। 5 ਦਸੰਬਰ ਨੂੰ ਪੂਰੇ ਦੇਸ਼ ਵਿੱਚ ਮੋਦੀ ਸਮੇਤ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ। ਕਿਸਾਨਾਂ ਨੇ ਉਨ੍ਹਾਂ ਖਿਡਾਰੀਆਂ ਅਤੇ ਸੈਨਿਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਦੇ ਲਈ ਆਪਣੇ ਐਵਾਰਡਸ ਵਾਪਸ ਕਰਨ ਦਾ ਐਲਾਨ ਕੀਤਾ।

ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਲਈ ਖਤਰੇ ਦੀ ਘੰਟੀ ਹਨ ਅਤੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ। ਕੇਂਦਰ ਸਰਕਾਰ ਨੇ ਕਿਸਾਨਾਂ ‘ਤੇ ਬਹੁਤ ਅੱਤਿਆਚਾਰ ਕੀਤੇ ਹਨ। ਜੇ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਕੋਈ ਹੋਰ ਕਦਮ ਉਠਾਵਾਂਗੇ। ਕੇਂਦਰ ਸਰਕਾਰ ਨੂੰ ਇੱਕ ਦਿਨ ਦੀ ਪਾਰਲੀਮੈਂਟ ਬੁਲਾਉਣੀ ਹੋਵੇਗੀ।