‘ਦ ਖ਼ਾਲਸ ਬਿਊਰੋ ( ਹਿਨਾ ) :- ਸਿੰਘੂ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 8 ਦਸੰਬਰ ਨੂੰ ਭਾਰਤ-ਬੰਦ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਵੱਲੋਂ 8 ਦਸੰਬਰ ਨੂੰ ਪੂਰੇ ਭਾਰਤ ‘ਚ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕਿਸੇ ਗੱਲ ਨਾਲ ਨਹੀਂ ਮੰਨਣਗੇ।
ਕਿਸਾਨਾਂ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਪੱਛਮ ਬੰਗਾਲ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਤੋਂ ਆਏ ਕਿਸਾਨ ਆਗੂ ਵੀ ਮੌਜੂਦ ਰਹੇ, ਜਥੇਬੰਦੀਆਂ ਨੇ ਕਿਹਾ ਕਿ 5 ਦਸੰਬਰ ਯਾਨਿ ਕੱਲ੍ਹ ਨੂੰ ਕਿਸਾਨਾਂ ਵੱਲੋਂ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 7 ਦਸੰਬਰ ਨੂੰ ਮੈਡਲ ਵਾਪਸੀ ਕੀਤੇ ਜਾਣਗੇ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਦੌਰਾਨ ਪੂਰੇ ਦੇਸ਼ ਦੇ ਟੋਲ ਪਲਾਜ਼ੇ ਵੀ ਫ੍ਰੀ ਕਰਵਾਉਣ ਦੀ ਕਿਸਾਨਾਂ ਦੀ ਮਨਸ਼ਾ ਹੈ।
ਯੋਗੇਂਦਰ ਯਾਦਵ ਨੇ ਪ੍ਰੈੱਸ ਕਾਨਫਰੰਸ ਵਿੱਚ ਸੰਬੋਧਨ ਦੌਰਾਨ ਕਿਹਾ ਹੈ ਕਿ ਕਈ ਸੂਬਿਆਂ ਤੋਂ ਕਿਸਾਨ ਅੰਦੋਲਨ ਨੂੰ ਹਮਾਇਤ ਮਿਲ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ 10 ਟਰੇਡ ਯੂਨੀਅਨਾਂ ਦੀ ਫੈਡਰੇਸ਼ਨਾਂ ਨੇ ਵੀ ਅੰਦੋਲਨ ਨੂੰ ਹਮਾਇਤ ਦਿੱਤੀ ਹੈ।