Punjab

ਮੁਫਤ ਬਿਜਲੀ ਦੇਣ ਦੀ ਗਾਰੰਟੀ ਦੇ ਸੱਚ ਦੇ ਆਰ-ਪਾਰ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਵਜੋਂ ਕਾਰਜਕਾਲ ਦਾ ਇੱਕ ਮਹੀਨਾ 16 ਅਪ੍ਰੈਲ ਨੂੰ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਭਲਕ ਨੂੰ ਕੋਈ ਵੱਡਾ ਐਲਾਨ ਕਰਨ ਦਾ ਸੰਕੇਤ ਦਿੱਤਾ ਹੈ। ਸਮਝਿਆ ਜਾ ਰਿਹਾ ਹੈ ਕਿ ਉਹ 300 ਯੂਨਿਟ ਬਿਜਲੀ ਮੁਫਤ ਦੇਣ ਦਾ ਤੋਹਫਾ ਦੇਣਗੇ। ਦਾ ਖ਼ਾਲਸ ਟੀਵੀ ਦੇ ਸਰਕਾਰ ਅੰਦਰਲੇ ਉੱਚ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਇਹਦੇ ਬਦਲੇ ਅਮੀਰ ਕਿਸਾਨਾ ਦੀ ਮੋਟਰ ਦੀ ਫ੍ਰੀ ਬਿਜਲੀ ਬੰਦ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਸੂਤਰਾਂ ਮੁਤਾਬਿਕ ਦਸ ਕਿਲੋਵਾਟ ਤੋਂ  ਉੱਤੇ ਦਾ ਭਾਰ ਸਰਕਾਰ ਨਹੀਂ ਸਹੇਗੀ। ਸੂਤਰ ਇਹ ਵੀ ਦੱਸਦੇ ਹਨ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਵੀ ਮੁਫਤ ਬਿਜਲੀ ਦਾ ਐਲਾਨ ਹਾਲ ਦੀ ਘੜੀ ਰੋਕ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਾਅਦਿਆਂ ਵਿੱਚ ਸਭ ਤੋਂ ਪ੍ਰਮੁੱਖ ਵਾਅਦਾ 300 ਯੂਨਿਟ ਬਿਜਲੀ ਮੁਫਤ ਦੇਣ ਹੈ। ਮੁੱਖ ਮੰਤਰੀ ਇੱਕ ਪਾਸੇ ਵੱਡਾ ਐਲਾਨ ਕਰਨ ਜੇ ਰਹੇ ਹਨ। ਦੂਜੇ ਪਾਸੇ ਬਿਜਲੀ ਸੰਕਟ ਨੂੰ ਲੈ ਕੇ ਸੂਬੇ ਵਿੱਚ ਹਾਹਾਕਾਰ ਮਚੀ ਹੋਈ ਹੈ। ਪਿੰਡਾਂ ਵਿੱਚ ਨੌ ਤੋਂ ਦਸ ਘੰਟੇ ਦੇ ਕੱਟ ਲੱਗ ਰਹੇ ਹਨ। ਝੋਨੇ ਦੀ ਸਪਲਾਈ ਸਿਰ ‘ਤੇ ਖੜ੍ਹੀ ਹੈ। ਸਰਕਾਰ ਨੇ ਪਹਿਲੀ ਗਾਰੰਟੀ ਪੂਰੀ ਕਰਨ ਲਈ ਸਰਕਾਰੀ ਖਜ਼ਾਨੇ ‘ਤੇ ਪੈਣ ਵਾਲੇ ਭਾਰ ਦਾ ਹਿਸਾਬ ਕਿਤਾਬ ਲਾ ਲਿਆ ਹੈ ਹਾਂਲਾ ਕਿ ਕਾਰਪੋਰੇਸ਼ਨ ਇਸਦੇ ਹੱਕ ਵਿੱਚ ਨਹੀਂ ਹੈ।

 ਪੰਜਾਬ ਵਿੱਚ ਬਿਜਲੀ ਦੇ 73.39 ਲੱਖ ਖਪਤਕਾਰ ਹਨ ਜੇ ਇਨ੍ਹਾਂ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਤਾਂ ਸਰਕਾਰ ਦੇ ਖਜ਼ਾਨੇ ਉੱਤੇ ਕਰੀਬ ਚਾਰ ਹਜ਼ਾਰ ਕਰੋੜ ਦਾ ਨਵਾਂ ਵਿੱਤੀ ਬੋਝ ਪਵੇਗਾ। ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪਿਛੜੀਆਂ ਸ਼੍ਰੇਣੀਆਂ ਨੂੰ 200 ਯੂਨਿਟ ਮੁਫਤ ਹਿਜਲੀ ਦੀ ਸਹੂਲਤ ਦਿੱਤੀ ਗਈ ਸੀ ਜਿਸ ਨਾਲ 1700 ਕਰੋੜ ਦਾ ਬੋਝ ਪੈ ਗਿਆ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਸੀ। ਇਸ ਦੀ ਸਬਸਿਡੀ 2300 ਕਰੋੜ ਬਣਦੀ ਹੈ। ਕਿਸਾਨਾ ਨੂੰ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਦੀ ਰਕਮ 7000 ਕਰੋੜ ਬਣਦੀ ਹੈ। ਪੰਜਾਬ ਵਿੱਚ 14.50 ਲੱਖ ਖੇਤੀ ਮੋਟਰਾਂ ਹਨ।

ਇੱਕ ਪਾਸੇ ਪੰਜਾਬ ਸਰਕਾਰ 300 ਯੂਨਿਟ ਬਿਜਲੀ ਮੁਫਤ ਦੇ ਕੇ ਲੋਕਾਂ ਦੇ ਉਲਾਂਭਿਆਂ ਅਤੇ ਸਿਆਸੀ ਪਾਰਟੀਆਂ ਦੇ  ਤਾਹਨਿਆਂ ਤੋਂ ਬਚਣ ਦਾ ਹੱਲ ਲੱਭ ਰਹੀ ਹੈ। ਦੂਜੇ ਬੰਨੇ ਬਿਜਲੀ ਦਾ ਸੰਕਟ ਆਮ ਜਨਤਾ ਦਾ ਮੂੰਹ ਚਿੜਾ ਰਿਹਾ ਹੈ। ਕੋਲੇ ਦੇ ਭਾਅ ਵਿੱਚ ਪਹਿਲਾਂ ਨਾਲੋਂ ਉਛਾਲ ਆਇਆ ਹੈ ਅਤੇ ਸਪਲਾਈ ਘਟੀ ਹੈ। ਇਸ ਕਰਕੇ ਅਗਲੇ ਦਿਨੀਂ ਬਿਜਲੀ ਦਾ ਸੰਕਟ ਹੱਲ ਹੋਣ ਦੇ ਆਸਾਰ ਘੱਟ ਹਨ। ਸਰਕਾਰੀ ਤੌਰ ‘ਤੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟ ਜਾਂ ਤਾਂ ਬੰਦ ਹੋਣ ਦੇ ਕਿਨਾਰੇ ਪੁੱਜ ਚੁੱਕੇ ਹਨ ਜਾਂ ਫਿਰ ਸਮਰੱਥਾ ਨਾਲੋਂ ਕਿਤੇ ਘੱਟ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੀ ਹਾਲਤ ਇੰਨੀ ਮਾੜੀ ਹੈ ਕਿ ਇਹ ਅੱਧਾ ਸਮਰਥਾ ਨਾਲ ਚੱਲਣ ਲੱਗਾ ਹੈ। ਰੋਪੜ ਥਰਮਲ ਪਲਾਂਟ ਦੀ ਹਫਤਾ ਪਹਿਲਾਂ ਬੰਦ ਹੋਈ ਯੂਨਿਟ ਹਾਲੇ ਤੱਕ ਉਤਪਾਦਨ ਨਹੀਂ ਕਰਨ ਲੱਗੀ ਹੈ।

ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਹੋਣ ਕੰਢੇ ਹਨ। ਲੰਘੇ ਕੱਲ ਤੇਜ ਹਨੇਰੀ ਅਤੇ ਹਲਕੀਆਂ ਛਿੱਟਾਂ ਨਾਲ ਤਾਪਮਾਨ ਹੇਠਾਂ ਡਿੱਗਿਆ ਹੈ ਜਿਸ ਤੋਂ ਬਾਅਦ ਪਾਵਰਕੌਮ ਦੇ ਸਾਹ ਵਿੱਚ ਸਾਹ ਰਲਿਆ ਹੈ। ਗੋਇੰਦਵਾਲ ਥਰਮਲ ਪਲਾਂਟ ਦੇ 450 ਮੈਗਾਵਾਟ ਦੇ ਦੋਨੋ ਯੂਨਿਟ ਬੰਦ ਹੋ ਗਏ ਹਨ। ਤਲਵੰਡੀ ਸਾਬੋ ਥਰਮਲ ਪਲਾਂਟ ਦੀ ਸਮਰੱਥਾ 1980 ਮੈਗਾਵਾਟ ਹੈ ਪਰ ਇਹ 50 ਫੀਸਦੀ ਸਮਰੱਥਾ ਨਾਲ ਹੀ ਚੱਲ ਰਿਹਾ ਹੈ। ਸਰਕਾਰੀ ਦੇ ਅਲਜ਼ਬਰੇ ਮੁਤਾਬਿਕ ਤਲਵੰਡੀ ਸਾਬੋ ਥਰਮਲ ਪਲਾਂਟ ਭਲਕ ਜਾਂ ਪਰਸੋਂ ਨੂੰ ਬੰਦ ਹੋ ਸਕਦਾ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਿੱਚ ਵੀ ਇੱਕ ਅੱਧ ਅਤੇ ਰੋਪੜ ਥਰਮਲ ਪਲਾਂਟ ਵਿੱਚ ਚਾਰ ਦਿਨ ਦਾ ਕੋਲਾ ਬਚਿਆ ਹੈ। ਲਹਿਰਾਂ ਦਾ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਬੰਦ ਪਏ ਹਨ।

ਸਰਕਾਰੀ ਅੰਕੜੇ ਮੌਜੂਦਾ ਤਸਵੀਰ ਨੂੰ ਵਧੇਰੇ ਸਾਫ ਕਰਦੇ ਹਨ ਰੋਪੜ ਥਰਮਲ ਪਲਾਂਟ ਦੀ ਸਮਰੱਥਾ 840 ਮੈਗਾਵਾਟ ਦੀ ਹੈ ਜਦਕਿ ਉਤਪਾਦਨ 475 ਮੈਗਾਵਾਟ ਹੈ। ਲਹਿਰਾਂ ਮੁਹਬੱਤਾਂ ਦਾ ਉਤਪਾਦਨ 688 ਮੈਗਾਵਾਟ ਰਹਿ ਗਿਆ ਹੈ ਜਦਕਿ ਸਮਰੱਥਾ 920 ਮੈਗਾਵਾਟ ਦੀ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੀ ਸਮਰੱਥਾ 1980 ਮੈਗਾਵਾਟ ਹੈ ਜਦਕਿ ਉਤਪਾਦਨ 936 ਮੈਗਾਵਾਟ ਹੋ ਰਿਹਾ ਹੈ। ਰਾਜਪੁਰਾ ਥਰਮਲ ਪਲਾਂਟ ਦੀ ਸਮਰੱਥਾ 1400 ਮੈਗਾਵਾਟ ਹੋਣ ਦੇ ਬਾਵਜੂਦ ਉਤਪਾਦਨ ਸਿਰਫ 933 ਮੈਗਾਵਾਟ ਰਹਿ ਗਿਆ ਹੈ।  

ਭਰ ਗਰਮੀ ਵਿੱਚ ਬਿਜਲੀ ਦੀ ਮੰਗ 8000 ਮੈਗਾਵਾਟ ਨੂੰ ਪੁੱਜ ਜਾਂਦੀ ਹੈ। ਇਸ ਕਰਕੇ ਪਾਵਰਕੌਮ ਦਾ ਨੀਂਦ ਹੁਣੇ ਤੋਂ ਉੱਡੀ ਪਈ ਹੈ। ਝੋਨੇ ਦੀ ਲੁਆਈ ਵੇਲੇ ਡਿਮਾਂਡ 15000 ਮੈਗਾਵਾਟ ਤੱਕ ਪੁੱਜ ਜਾਂਦੀ ਹੈ। ਇਸ ਵੇਲੇ ਸਿਰਫ ਉਤਪਾਦਨ ਅੱਧਾ ਵੀ ਨਹੀਂ ਹੋ ਰਿਹਾ। ਕੋਲੇ ਦੀ ਸਪਲਾਈ ਪੂਰੀ ਨਹੀ ਹੋ ਰਹੀ । ਭਾਅ ਹੋਰ ਵੱਧਣ ਦੇ ਆਸਾਰ ਬਣ ਰਹੇ ਹਨ। ਇਸ ਹਾਲਤ ਵਿੱਚ ਪਾਵਰਕੌਮ ਬੇਵਸ ਹੋ ਕੇ ਰਹਿ ਗਿਆ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਮੰਨਦੇ ਹਨ ਕਿ ਬਿਜਲੀ ਦੀ ਸਪਲਾਈ ਡਿਮਾਂਡ ਦੇ ਮੁਤਾਬਿਕ ਪੂਰੀ ਨਹੀਂ ਹੋ ਸਕਣੀ। ਇਸ ਕਰਕੇ ਕਾਰੋਪੋਰੇਸ਼ਨ ਵੱਲੋਂ ਸਰਕਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਹਾਲ ਦੀ ਘੜੀ ਰੋਕ ਲੈਣ ਦੀ ਸਲਾਹ ਦਿੱਤੀ ਗਈ ਹੈ।

ਸਪੰਰਕ- 98147-34035