India Punjab

1 ਜੂਨ ਤੋਂ 6 ਜੂਨ ਤੱਕ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੀ ਦਾਸਤਾਨ

1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਇਆ ਫੌਜੀ ਹਮਲਾ ਨਾ ਸਿਰਫ਼ ਧਾਰਮਿਕ ਥਾਂ ‘ਤੇ ਹਮਲਾ ਸੀ ਬਲਕਿ ਇਹ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਨ ਵਾਲਾ ਉਹ ਕਾਰਾ ਸੀ ਜਿਸ ਨੂੰ ਇਨਸਾਫ ਪਸੰਦ ਕੋਈ ਵੀ ਸ਼ਖਸ ਨਹੀਂ ਬਰਦਾਸ਼ਤ ਕਰ ਸਕਦਾ ਹੈ। ਸਿੱਖ ਭਾਚੀਚਾਰ ਵੀ 40 ਸਾਲ ਪਹਿਲਾਂ ਹੋਏ ਇਸ ਜ਼ੁਲਮ ਨੂੰ ਕਦੇ ਨਹੀਂ ਭੁੱਲ ਸਕਿਆ ਅਤੇ ਨਾ ਹੀ ਭੁਲੇਗਾ। 1 ਤੋਂ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਅਣਮਨੁੱਖੀ ਦਾਸਤਾਨ ‘ਦ ਖਾਲਸ ਟੀਵੀ ‘ਤੇ ਤੁਹਾਨੂੰ ਸਿਲਸਿਲੇਵਾਰ ਦੱਸ ਦੇ ਹਾਂ।

1 ਜੂਨ 1984

ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਪਹਿਲਾ ਦਿਨ ਸੀ, ਭਾਰਤੀ ਫੌਜ ਨੇ ਸਮੁੱਚੇ ਕੰਪਲੈਕਸ ਨੂੰ ਘੇਰ ਲਿਆ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਅੰਦਰ ਮੌਜੂਦ ਚਸ਼ਮਦੀਦਾਂ ਮੁਤਾਬਕ ਫੌਜ ਦੀ ਗੋਲੀ ਦੁਪਹਿਰ 12.30 ਵਜੇ ਤੋਂ ਰਾਤ 8 ਵਜੇ ਤੱਕ ਲਗਾਤਾਰ ਕੰਪਲੈਕਸ ਦੇ ਅੰਦਰ ਤੱਕ ਚਲਦੀ ਰਹੀ, ਜਦਕਿ ਅੰਦਰੋਂ ਇੱਕ ਵੀ ਫਾਇਰਿੰਗ ਨਹੀਂ ਹੋਈ। ਸਿੱਖ ਕੌਮ ਲਈ ਇਹ ਤੀਜਾ ਘੱਲ਼ੂਘਾਰਾ ਹੈ ਜਦਕਿ ਸਰਕਾਰ ਇਸਨੂੰ ਅਪਰੇਸ਼ਨ ਬਲਿਊ ਸਟਾਰ ਦੱਸਦੀ ਹੈ।

 

2 ਜੂਨ 1984

2 ਜੂਨ ਵਾਲੇ ਦਿਨ ਭਾਰਤੀ ਫ਼ੌਜ ਅਤੇ ਸੀਆਰਪੀਐੱਫ਼ ਨੇ ਪੂਰੇ ਪੰਜਾਬ ਦੀ ਘੇਰਾਬੰਦੀ ਕਰ ਲਈ ਸੀ, ਫੌਜ ਦੀਆਂ 7 ਡਿਵੀਜ਼ਨਾਂ ਪੰਜਾਬ ਦੇ ਪਿੰਡਾਂ ‘ਚ ਤੈਨਾਤ ਕਰ ਦਿੱਤੀਆਂ ਗਈਆਂ ਸੀ, ਸਖ਼ਤ ਕਰਫਿਊ ਲਾ ਕੇ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ, ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦਾ ਦੇਸ਼ ਤੇ ਦੁਨੀਆ ਨਾਲੋਂ ਰਾਬਤਾ ਕੱਟ ਦਿੱਤਾ ਗਿਆ ਸੀ, ਪ੍ਰੈਸ ‘ਤੇ ਰੋਕ ਲਾ ਦਿੱਤੀ ਗਈ ਸੀ। ਰਾਤ 8:30 ਵਜੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਅਤੇ ਅਕਾਸ਼ਵਾਣੀ ‘ਤੇ ਕਰੀਬ 40 ਮਿੰਟ ਦਾ ਭਾਸ਼ਣ ਦਿੱਤਾ, ਜਿਹੜਾ ਉਨਾਂ ਦੀ ਕਰਨੀ ਤੋਂ ਬਿਲਕੁਲ ਉਲਟ ਸਨ। ਭਾਸ਼ਣ ਵਿੱਚ ਇੰਦਰਾ ਗਾਂਧੀ ਦੇ ਆਖ਼ਰੀ ਬੋਲ ਸਨ “ਖ਼ੂਨ ਨਾ ਵਹਾਓ, ਨਫ਼ਰਤ ਤਿਆਗੋ।” ਹਾਲਾਂਕਿ 1 ਜੂਨ ਦੀ ਪੂਰੇ ਦਿਨ ਦੀ ਗੋਲੀਬਾਰੀ ਤੋਂ ਬਾਅਦ 2 ਜੂਨ ਨੂੰ ਗੋਲੀਬਾਰੀ ਨਹੀਂ ਕੀਤੀ ਗਈ ਸੀ।

 

3 ਜੂਨ 1984

3 ਜੂਨ 1984 ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, ਵੱਡੀ ਗਿਣਤੀ ‘ਚ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਸਨ। ਸ਼ਹੀਦੀ ਦਿਹਾੜੇ ਮੌਕੇ ਸਰਕਾਰ ਨੇ 36 ਘੰਟੇ ਦੇ ਕਰਫਿਊ ਦਾ ਫੁਰਮਾਨ ਸੁਣਾ ਦਿੱਤਾ ਸੀ, ਤਾਂ ਕਿ ਕੋਈ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਆ ਜਾ ਨਾ ਸਕੇ। ਸੰਗਤ ਨੂੰ ਇੱਕ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ ਪਰਿਸਰ ਦੇ ਅੰਦਰ ਕੈਦ ਕਰ ਦਿੱਤਾ ਗਿਆ ਸੀ।

 

4 ਜੂਨ 1984

ਤੜਕੇ-ਤੜਕੇ 4 : 45 ਵਜੇ ਚਾਰੇ ਪਾਸਿਉਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਗੋਲੀਆਂ ਦੇ ਨਾਲ ਬੰਬਾਂ ਦੀ ਆਵਾਜ਼ ਹੇਠ ਸੰਗਤ ਦਾ ਚੀਕ ਚਿਹਾੜਾ ਦੱਬ ਕੇ ਰਹਿ ਗਿਆ ਸੀ, ਧੜਾਧੜ ਲਾਸ਼ਾਂ ਡਿੱਗ ਰਹੀਆਂ ਸਨ। ਇੱਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਦੇਣ ਵਾਲੇ ਬਿਜਲੀ ਘਰ ‘ਤੇ ਵੀ ਡਿੱਗਿਆ। ਸ੍ਰੀ ਦਰਬਾਰ ਸਾਹਿਬ ਤੇ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਵੀ ਬੰਦ ਹੋ ਗਈ। ਪੂਰਾ ਦਿਨ ਗੋਲੀ ਤੇ ਵਿੱਚ-ਵਿੱਚ ਬੰਬ ਚੱਲਦੇ ਰਹੇ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਪੂਰੀ ਪਰਕਰਮਾ ਵਿੱਚ ਗੋਲੀਆਂ ਇਮਾਰਤ ਨੂੰ ਛੱਲਣੀ ਕਰ ਰਹੀਆਂ ਸਨ। 4 ਜੂਨ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਰੀਬ ਅੱਠ ਵਜੇ ਹੀ ਸੁਖ ਆਸਨ ਕਰਕੇ ਪਹਿਲੀ ਮੰਜ਼ਿਲ ‘ਤੇ ਲੈ ਜਾਇਆ ਗਿਆ।

 

5 ਜੂਨ

ਦਿਨ ਭਰ ਦੋਵਾਂ ਪਾਸਿਆਂ ਤੋਂ ਗਹਿ ਗੱਚ ਲੜਾਈ ਹੋਈ। ਸਿੰਘਾਂ ਨੇ ਵੀ ਭਾਰਤੀ ਫ਼ੌਜ ਦੀਆਂ ਗੋਡਣੀਆਂ ਲਵਾ ਦਿੱਤੀਆਂ ਹਾਲਾਂਕਿ ਮੁਕਾਬਲੇ ਚ ਹਜ਼ਾਰਾਂ ਨਿਰਦੋਸ਼ ਸਿੰਘਾਂ ਨੂੰ ਵੀ ਫ਼ੌਜ ਨੇ ਸ਼ਹੀਦ ਕਰ ਦਿੱਤਾ ਸੀ। ਰਾਤ 10 ਵਜੇ ਦੇ ਕਰੀਬ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਟੈਂਕ ਵਾੜ ਦਿੱਤੇ, ਮਰਿਯਾਦਾ ਦੀ ਰੱਜ ਕੇ ਉਲੰਘਣਾ ਹੋਈ। ਬੜੀ ਕਮਾਲ ਦੀ ਗੱਲ ਸੀ ਕਿ ਇੰਨੇ ਵੱਡੇ ਹਮਲੇ ਦਰਮਿਆਨ ਵੀ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਉਸੇ ਤਰਾਂ ਨਿਭਾਈ ਜਾਂਦੀ ਰਹੀ, ਫੌਜ ਨੇ ਉਦੋਂ ਅੱਤ ਕਰ ਦਿੱਤੀ ਜਦੋਂ ਗੋਲੀਆਂ ਨਾਲ ਦਰਬਾਰ ਸਾਹਿਬ ਦੇ ਅੰਦਰਲੇ ਹਿੱਸੇ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ, ਇਸ ਗੋਲੀਬਾਰੀ ਵਿੱਚ ਹਰਿਮੰਦਰ ਸਾਹਬਿ ਦੇ ਹੈੱਡ ਰਾਗੀ ਭਾਈ ਅਮਰੀਕ ਸਿੰਘ ਵੀ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਏ। ਇਥੋਂ ਤੱਕ ਕਿ ਇੱਕ ਗੋਲੀ ਸ੍ਰੀ ਦਰਬਾਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਲੱਗੀ

 

6 ਜੂਨ 1984

ਇਹ ਦੋਵਾਂ ਪਾਸਿਆਂ ਤੋਂ ਹੋਈ ਲੜਾਈ ਦਾ ਆਖਰੀ ਦਿਨ ਸੀ, ਫ਼ੌਜ ਨੇ ਟੈਂਕਾਂ ਦੇ ਨਾਲ ਤਬਾਹਕੁੰਨ ਹਮਲਾ ਕਰਕੇ ਸਿੱਖ ਕੌਮ ਦੇ ਸ਼੍ਰੋਮਣੀ ਅਗਵਾਈ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਹਿੱਸਾ ਢਾਹ ਦਿੱਤਾ ਗਿਆ ਸੀ। ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਸਮੇਤ ਸਿੱਖ ਫੌਜਾਂ ਦੇ ਹੋਰ ਕਈ ਵੱਡੇ ਆਗੂ ਵੀ ਸ਼ਹੀਦ ਹੋ ਗਏ। ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਅਤੇ ਸਰੋਵਰ ‘ਚ ਲਾਸ਼ਾਂ ਹੀ ਲਾਸ਼ਾਂ ਸਨ। ਜ਼ਖ਼ਮੀ ਕਰਾਹ ਰਹੇ ਸਨ, ਬਚੇ ਹੋਏ ਸਿੰਘ ਸਿੰਘਣੀਆਂ ਨੂੰ ਬੰਦੀ ਬਣਾ ਕੇ ਪਰਕਰਮਾ ਵਿੱਚ ਬਿਠਾਇਆ ਗਿਆ, ਕਿਸੇ ਨੂੰ ਵੀ ਪਾਣੀ ਪੀਣ ਦੀ ਇਜ਼ਾਜਤ ਨਹੀਂ ਸੀ, ਬੱਚਿਆਂ ਦਾ ਭੁੱਖ ਪਿਆਸ ਨਾਲ ਬੁਰਾ ਹਾਲ ਸੀ। ਅਚਾਨਕ ਇੱਕ ਬੰਬ ਨੇ ਪਰਕਰਮਾ ‘ਚ ਬੈਠੀ ਸੰਗਤ ਦੇ ਚਿੱਥੜੇ ਉਡਾ ਦਿੱਤੇ।

 

7 ਜੂਨ 1984

ਫ਼ੌਜ ਹੁਣ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਲਾਸ਼ਾਂ ਨੂੰ ਹਟਾਉਣ ਦਾ ਕੰਮ ਕਰ ਰਹੀ ਸੀ। ਗਰਮੀ ਕਾਰਨ ਲਾਸ਼ਾਂ ਫੁਲ ਚੁੱਕੀਆਂ ਸਨ, ਬਦਬੂ ਆ ਰਹੀ ਸੀ। ਕਈ ਲਾਸ਼ਾਂ ਇੰਨੀਆਂ ਗਲ ਚੁੱਕੀਆਂ ਸਨ ਕਿ ਹੱਥ ਲਾਇਆ ਅੰਗ ਵੀ ਲਹਿ ਜਾਂਦੇ ਸਨ। ਲਾਸ਼ਾਂ ‘ਤੇ ਡੀ.ਡੀ.ਟੀ ਦਾ ਛਿੜਕਾਅ ਕੀਤਾ ਗਿਆ। ਕੂੜਾ ਢੋਹਣ ਵਾਲੀਆਂ ਗੱਡੀਆਂ ‘ਚ ਲਾਸ਼ਾਂ ਲੱਦ ਕੇ ਸਥਾਨਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ। ਸਮੂਹਿਕ ਤੌਰ ‘ਤੇ ਲਾਸ਼ਾਂ ਦਾ ਸਸਕਾਰ ਕੀਤਾ ਗਿਆ, ਹਰ ਚਿਖਾ ‘ਤੇ 15 ਦੇ ਕਰੀਬ ਲਾਸ਼ਾਂ ਰੱਖ ਕੇ ਬਿਨਾਂ ਕਿਸੇ ਧਾਰਮਿਕ ਰਹੁ ਰੀਤਾਂ ਦੇ ਅੱਗ ਲਗਾਈ ਜਾ ਰਹੀ ਸੀ।

 

6 ਜੂਨ ਦਿਨ ਢਲਦੇ ਤੱਕ ਵੱਡੇ ਖਜ਼ਾਨੇ ਨਾਲ ਭਰੀ ਹੋਈ ਸਿੱਖ ਰੈਂਫਰੈਂਸ ਲਾਇਬ੍ਰੇਰੀ ਸਹੀ ਸਲਾਮਤ ਸੀ ਪਰ 7 ਜੂਨ ਤੜਕੇ ਲਾਇਬ੍ਰੇਰੀ ਭੇਤ ਭਰੇ ਹਾਲਾਤ ਵਿੱਚ ਸੜੀ ਹੋਈ ਮਿਲੀ, ਕਿਤਾਬਾਂ ਸਮੇਤ ਗੁਰੂ ਸਾਹਿਬਾਨਾਂ ਦੇ ਹੱਥ ਲਿਖਤ ਪਾਵਨ ਤੇ ਦੁਰਲੱਭ ਸਰੂਪਾਂ ਸਮੇਤ ਸਭ ਕੁਝ ਲੁੱਟ ਲਿਆ ਗਿਆ ਸੀ।

 

8 ਜੂਨ 1984

ਪੂਰੇ ਪੰਜਾਬ ‘ਚ ਮੁੜ 24 ਘੰਟੇ ਦਾ ਕਰਫਿਊ ਲਾ ਕੇ ਪੂਰੀ ਦੁਨੀਆ ਨਾਲੋਂ ਸੰਪਰਕ ਤੋੜ ਦਿੱਤਾ ਗਿਆ ਸੀ,

ਅਖ਼ੀਰ ਦੁਪਹਿਰ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੀ ਸਫ਼ਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਤਿਆਰੀ ਕੀਤੀ ਗਈ। ਸਿੱਖ ਫ਼ੌਜੀ ਇਸ ਕੰਮ ਵਿੱਚ ਮਦਦ ਲਈ ਅੱਗੇ ਆਏ। ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿੱਚ ਵਹਿੰਦੇ ਹੰਝੂਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਸਫ਼ਾਈ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਭਾਈ ਹਰਪਾਲ ਸਿੰਘ ਅਰਦਾਸੀਏ ਨੇ ਅਰਦਾਸ ਕਰਦਿਆਂ “ਜੋ ਕਿਛੁ ਹੋਆ ਸਭ ਕਿਛੁ ਤੁਝ ਤੇ ਤੇਰੀ ਸਭ ਅਸਨਾਈ” ਪੜ ਕੇ ਸੇਵਾ ਸ਼ੁਰੂ ਕੀਤੀ। ਗਿਆਨੀ ਸਾਹਿਬ ਸਿੰਘ ਜੀ ਨੇ ਹੁਕਮਨਾਮਾ ਪੜ੍ਹਿਆ।

 

9 ਜੂਨ 1984

ਫ਼ੌਜੀ ਕਾਰਵਾਈ ਦੀ ਖ਼ਬਰ ਬੀਬੀਸੀ ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ, ਜਿਸਨੂੰ ਸੁਣ ਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਭਾਰਤੀ ਸਫ਼ਾਰਤਖਾਨਿਆਂ ‘ਤੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ‘ਚ ਭਗਤ ਪੂਰਨ ਸਿੰਘ ਨੇ ਆਪਣਾ ਪਦਮਸ੍ਰੀ ਦਾ ਸਨਮਾਨ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ। ਸਿੱਖ ਫ਼ੌਜੀਆਂ ਨੇ ਵੀ ਪੂਰੇ ਦੇਸ਼ ‘ਚ ਬਗਾਵਤ ਕਰ ਦਿੱਤੀ। ਵੱਖ-ਵੱਖ ਥਾਂਵਾਂ ਤੋਂ ਫ਼ੌਜੀ ਆਪਣੀਆਂ ਬੈਰਕਾਂ ਛੱਡ ਕੇ ਹਥਿਆਰਾਂ ਨਾਲ ਲੈਸ ਹੋ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਏ। ਕਈ ਜਗ੍ਹਾ ਮੁਕਾਬਲੇ ਹੋਏ, ਜਿਸ ਵਿੱਚ ਅਨੇਕਾਂ ਸਿੱਖ ਫ਼ੌਜੀ ਸ਼ਹੀਦ ਹੋ ਗਏ। ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਪੰਥ ਨੇ ਧਰਮੀ ਫ਼ੌਜੀਆਂ ਦਾ ਨਾਮ ਦਿੱਤਾ। 9 ਜੂਨ ਦੇ ਦਿਨ ਦਰਬਾਰ ਸਾਹਿਬ ਅੰਦਰ ਮੌਜੂਦ ਹਰ ਸਿੱਖ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨਾਂ ਵਿੱਚੋਂ 365 ਸਿੱਖਾਂ ਨੇ 5 ਸਾਲ ਜੋਧਪੁਰ ਜੇਲ੍ਹ ਕੱਟੀ।

 

10 ਜੂਨ 1984

ਤੀਜੇ ਘੱਲੂਘਾਰੇ ਦਾ ਦਸਵਾਂ ਤੇ ਆਖਰੀ ਦਿਨ। ਦੁਨੀਆ ਭਰ ਦੇ ਲੋਕਾਂ ਲਈ ਸ਼ਰਧਾ ਭਰੇ ਅਸਥਾਨ ‘ਤੇ ਖੂਨ ਪੀਣੀਆਂ ਬੰਦੂਕਾਂ ਸ਼ਾਂਤ ਹੋ ਗਈਆਂ, ਫ਼ੌਜ ਨੇ ਚਾਲੇ ਵੀ ਪਾ ਦਿੱਤੇ ਪਰ ਪਿੱਛੇ ਰਹਿ ਗਈ ਅਣਸੁਲਝੇ ਸਵਾਲਾਂ ਵਿੱਚ ਘਿਰੀ ਤਬਾਹੀ ਦੀ ਦਾਸਤਾਨ।

ਇਹ ਇੱਕ ਫੌਜੀ ਹਮਲਾ ਸੀ, ਸਿੱਖ ਕੌਮ ਇਸ ਨੂੰ ਨਾ ਮੰਨਣਯੋਗ, ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਮੰਨਦੀ ਹੈ