‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :-ਦਿੱਲੀ ਮੋਰਚਿਆਂ ‘ਤੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਬੀਤੀ ਰਾਤ ਮੀਂਹ ਅਤੇ ਹਨੇਰੀ ਨੇ ਕਿਸਾਨ ਮੋਰਚਿਆਂ ‘ਤੇ ਕਿਸਾਨਾਂ ਦਾ ਕਾਫੀ ਨੁਕਸਾਨ ਕੀਤਾ ਹੈ। ਸਿੰਘੂ ਅਤੇ ਟਿਕਰੀ ਮੋਰਚਿਆਂ ‘ਤੇ ਕਿਸਾਨਾਂ ਦੇ ਟੈਂਟਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪਰ ਫਿਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸਮਾਜ ਭਲਾਈ ਸੰਸਥਾਵਾਂ ਅਤੇ ਕਿਸਾਨ ਅੰਦੋਲਨ ਦੇ ਸਮਰਥਕਾਂ ਨੂੰ ਧਰਨੇ ਵਾਲੀਆਂ ਥਾਂਵਾਂ ‘ਤੇ ਹਰ ਸੰਭਵ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨ ਹਾਲੇ ਵੀ ਲਗਾਤਾਰ ਦਿੱਲੀ ਮੋਰਚਿਆਂ ‘ਤੇ ਆ ਰਹੇ ਹਨ। ਅੱਜ ਪੰਜਾਬ ਦੇ ਮਾਲਵਾ ਖੇਤਰ ਤੋਂ ਕਿਸਾਨਾਂ ਦਾ ਇੱਕ ਵੱਡਾ ਜਥਾ ਸਿੰਘੂ ਮੋਰਚੇ ‘ਤੇ ਪਹੁੰਚਿਆ ਹੈ।
ਹਰਿਆਣਾ ਦੇ ਟੋਹਾਣਾ ਵਿੱਚ ਅੱਜ ਕਿਸਾਨ ਜਥੇਬੰਦੀਆਂ ਨੇ ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਦੇ ਪ੍ਰੋਗਰਾਮ ਦਾ ਸਖ਼ਤ ਵਿਰੋਧ ਕੀਤਾ। ਬਬਲੀ ਨੇ ਦਾਅਵਾ ਕਰਦਿਆਂ ਕਿਹਾ ਕਿ ਉਹਨਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਸਨ ਬਲਕਿ ਗੁੰਡੇ ਬਦਮਾਸ਼ ਸਨ। ਵਿਧਾਇਕ ਨੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਕਿਸਾਨ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ। ਸੰਯੁਕਤ ਕਿਸਾਨ ਮੋਰਚਾ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕਿਸਾਨਾਂ ਨੇ ਕਿਹਾ ਕਿ ਵਿਧਾਇਕ ਨੇ ਕਿਸਾਨਾਂ ‘ਤੇ ਝੂਠੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਕਿਸਾਨਾਂ ਨੇ ਵਿਧਾਇਕ ਦੀ ਗੱਡੀ ‘ਤੇ ਹਮਲਾ ਕੀਤਾ, ਪਰ ਇਹ ਬਿਲਕੁਲ ਝੂਠਾ ਦੋਸ਼ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣੇ ਦੇ ਕਿਸਾਨਾਂ ਨੂੰ ਸ਼ਾਂਤਮਈ ਰਹਿੰਦੇ ਹੋਏ ਵਿਧਾਇਕ ਦੇ ਇਸ ਵਿਵਹਾਰ ਦਾ ਸਖਤ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਹਰਿਆਣਾ ਦੇ ਸਾਰੇ ਭਾਜਪਾ ਅਤੇ ਜੇਜੇਪੀ ਲੀਡਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ, ਨਹੀਂ ਤਾਂ ਉਹਨਾਂ ਨੂੰ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਘਟਨਾ ਤੋਂ ਤੁਰੰਤ ਬਾਅਦ ਕਿਸਾਨਾਂ ਨੇ ਰੋਸ ਵਜੋਂ ਹਿਸਾਰ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ।