The Khalas Tv Blog Punjab ਖੇਡ ਮੰਤਰੀ ਨੇ ਕੀਤੀ ਰਾਜ ਭਵਨ ਵਿੱਚ ਮੀਟਿੰਗ,ਕਰ ਦਿੱਤੇ ਕਈ ਐਲਾਨ
Punjab Sports

ਖੇਡ ਮੰਤਰੀ ਨੇ ਕੀਤੀ ਰਾਜ ਭਵਨ ਵਿੱਚ ਮੀਟਿੰਗ,ਕਰ ਦਿੱਤੇ ਕਈ ਐਲਾਨ

ਚੰਡੀਗੜ੍ਹ :ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਇਸੇ ਸਾਲ ਖੇਡ ਨੀਤੀ ਨੂੰ ਲਾਗੂ ਕਰਨ ਸਬੰਧੀ ਵੱਡਾ ਬਿਆਨ ਦਿੱਤਾ ਹੈ । ਮਾਹਿਰ ਕਮੇਟੀ ਨਾਲ ਹੋਈ ਮੈਰਾਥਨ ਮੀਟਿੰਗ ਵਿੱਚ ਭਾਗ ਲੈਂਦੇ ਹੋਏ ਖੇਡ ਮੰਤਰੀ ਨੇ ਨਵੀਂ ਖੇਡ ਨੀਤੀ ਦੇ ਖਰੜੇ ਉਤੇ ਚਰਚਾ ਕੀਤੀ। ਜਿਸ ਤੋਂ  ਬਾਅਦ ਇਹ ਫੈਸਲਾ ਕੀਤਾ ਗਿਆ ਕਿ ਖਿਡਾਰੀਆਂ ਨੂੰ ਚੰਗੀ ਕੋਚਿੰਗ ਦੇਣ ਲਈ ਨਵੇਂ ਕੋਚ ਭਰਤੀ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ ।

ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਤਰਜ਼ ਉਤੇ ਕੋਚਾਂ ਲਈ ਵੀ ਸਟੇਟ ਐਵਾਰਡ ਸ਼ੁਰੂ ਕਰਨ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਹੁਣ ਹਰ ਸਾਲ ਦਿੱਤਾ ਜਾਵੇਗਾ। ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਾਪਤੀਆਂ ਅਨੁਸਾਰ ਨੌਕਰੀਆਂ ਦੇਣ ਨੂੰ ਪ੍ਰਮੁੱਖਤਾ ਦੇਣ ਦੀ ਗੱਲ ਵੀ ਨਵੀਂ ਖੇਡ ਨੀਤੀ ਵਿੱਚ ਕਹੀ ਗਈ ਹੈ। ਇਸ ਮੀਟਿੰਗ ਵਿੱਚ ਖਿਡਾਰੀਆਂ ਨੂੰ ਦਿੱਤੇ ਜਾਂਦੇ ਨਗਦ ਪੁਰਸਕਾਰਾਂ ਦੀ ਸੂਚੀ ਵਾਲੇ ਖੇਡ ਪ੍ਰਤੀਯੋਗਿਤਾਵਾਂ ਦੀ ਸੰਖਿਆ ਵਧਾਉਣ ਉਤੇ ਵਿਚਾਰ ਕੀਤਾ ਗਿਆ ਹੈ ਤੇ ਇਸ ਸੂਚੀ ਵਿੱਚ ਪੈਰਾਗੇਮਜ਼, ਇਕ ਸਾਲ ਜਾਂ ਦੋ ਸਾਲ ਦਰਮਿਆਨ ਹੋਣ ਵਾਲੇ ਵਿਸ਼ਵ ਕੱਪ ਅਤੇ ਵੱਖ-ਵੱਖ ਖੇਡਾਂ ਦੇ ਵੱਕਾਰੀ ਟੂਰਨਾਮੈਂਟਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।

ਖੇਡ ਮੰਤਰੀ ਨਾ ਪੰਜਾਬ ਭਵਨ ਵਿੱਚ ਹੋਈ ਇਸ ਮੀਟਿੰਗ ਸਬੰਧੀ ਜਾਣਕਾਰੀ ਆਪਣੇ ਟਵੀਟਰ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਨਵੀਂ ਖੇਡ ਨੀਤੀ ਬਣਾਉਣ ਲਈ ਕਮੇਟੀ ਨਾਲ ਮੀਟਿੰਗ ਕਰਕੇ ਵਿਸਥਾਰ ਵਿੱਚ ਚਰਚਾ ਕੀਤੀ, ਸੂਬੇ ‘ਚ ਖੇਡ ਮਾਹੌਲ ਸਿਰਜਣ ਲਈ ਉਸਾਰੂ ਕੰਮ ਕਰਨ, ਖਿਡਾਰੀਆਂ ਤੇ ਕੋਚਾਂ ਨੂੰ ਉਤਸ਼ਾਹਤ ਕਰਨ, ਖਿਡਾਰੀਆਂ ਨੂੰ ਨੌਕਰੀਆਂ, ਨਗਦ ਇਨਾਮ, ਨਵਾਂ ਟੇਲੈਂਟ ਲੱਭ ਕੇ ਉਸ ਨੂੰ ਵਧੀਆ ਮੰਚ ਮੁਹੱਈਆ ਕਰਵਾਉਣ, ਕੋਚਾਂ ਲਈ ਐਵਾਰਡ ਸ਼ੁਰੂ ਕੀਤੇ ਜਾਣ ਉੱਤੇ ਜ਼ੋਰ ਦਿੱਤਾ ਗਿਆ।

Exit mobile version