Punjab

ਇਸ SIT ਦੇ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਬਾਦਲ ਪਿਉ-ਪੁੱਤ ਸਣੇ ਹੋਰ ਕਈਆਂ ਦੇ ਨਾਂ ਸ਼ਾਮਲ,ਲਗੀਆਂ ਆਹ ਧਾਰਾਵਾਂ

ਫਰੀਦਕੋਟ : ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ  ਐਸਆਈਟੀ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੇ ਫਰੀਦਕੋਟ ਦੀ ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਹੈ। ਪੇਸ਼ ਕੀਤੇ ਚਲਾਨ ‘ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ,ਸਾਬਕਾ ਡੀਜੀਪੀ ਸੁਮੇਧ ਸੈਣੀ,ਆਈਜੀ ਪਰਮਰਾਜ ਉਮਰਾਨੰਗਲ ਤੇ ਚਰਨਜੀਤ ਸ਼ਰਮਾ ਤੇ ਹੋਰ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।

7000 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਧਾਰਾ 307,153,119,109,120 ਸਣੇ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਐਲ ਕੇ ਯਾਦਵ ਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ ਦੀ ਅਗਵਾਈ ਵਿੱਚ ਨਵੀਂ ਬਣੀ ਜਾਂਚ ਕਮੇਟੀ ਨੇ ਇਸ ਗੋਲੀਕਾਂਡ ਦੀ ਜਾਂਚ ਕੀਤੀ ਸੀ ਤੇ ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਅਪ੍ਰੈਲ 2021 ਵਿੱਚ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਨਵੀਂ ਐਸਆਈਟੀ ਗਠਿਤ ਕਰਕੇ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਉਸ ਸਮੇਂ ਤਤਕਾਲੀ ਡੀਜੀਪੀ ਸੈਣੀ, ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਚਰਨਜੀਤ ਸ਼ਰਮਾ, ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਕਰੀਬ 8 ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

ਸੰਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੀ ਇਸ ਘਟਨਾ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਹੁੰਦੇ ਆ ਰਹੇ ਹਨ ਤੇ ਬਹਿਬਲ ਕਲਾਂ ਵਿੱਚ ਇੱਕ ਸਾਲ ਤੋਂ ਤੇ ਪੰਜਾਬ-ਮੁਹਾਲੀ ਦੀ ਸਰਹੱਦ ਤੇ ਪਿਛਲੇ ਡੇਢ ਮਹੀਨੇ ਤੋਂ ਇਸ ਮਾਮਲੇ ਵਿੱਚ ਇਨਸਾਫ਼ ਲਈ ਮੋਰਚਾ ਚੱਲ ਰਿਹਾ ਹੈ।ਪੰਜਾਬ ਦੀ ਮੌਜੂਦਾ ਸਰਕਾਰ ਨੇ ਬਹਿਬਲ ਕਲਾਂ ਇਨਸਾਫ ਮੋਰਚੇ ਨੂੰ 28 ਫਰਵਰੀ ਤੱਕ ਇਸ ਮਾਮਲੇ ਵਿੱਚ ਇਨਸਾਫ ਦੇਣ ਦੀ ਗੱਲ ਕਹੀ ਹੈ।