Punjab

ਲੁਧਿਆਣਾ ਦੇ ਹਸਪਤਾਲਾਂ ਦੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ, ਜਾਣ ਕੇ ਉੱਡ ਜਾਣਗੇ ਹੋਸ਼

ਚੰਡੀਗੜ੍ਹ : ਲੁਧਿਆਣਾ ਦੇ ਹਸਪਤਾਲਾਂ ਦੀ ਇੱਕ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਅਤੇ ਸਮਰਾਲਾ ਦੇ ਸਬ-ਡਵੀਜ਼ਨਲ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਨੂੰ ਡਾਕਟਰ ਅਤੇ ਸਟਾਫ਼ ਆਪਣੀ ਸ਼ਿਫਟ ਖ਼ਤਮ ਕਰ ਕੇ ਘਰ ਜਾਣ ਦੀ ਕਾਹਲੀ ਵਿਚ ਗਰਭਵਤੀ ਔਰਤਾਂ ਦੀ ਸੀ-ਸੈਕਸ਼ਨ ਰਾਹੀਂ ਡਿਲੀਵਰੀ ਕਰਵਾ ਰਹੇ ਹਨ।

ਪੰਜਾਬੀ ਟ੍ਰਿਬੀਊਨ ਦੀ ਖ਼ਬਰ ਦੇ ਮੁਤਾਬਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਸੀ-ਸੈਕਸ਼ਨ ਆਪ੍ਰੇਸ਼ਨ ਦੁਪਹਿਰ 3 ਵਜੇ ਤੋਂ ਪਹਿਲਾਂ ਕੀਤਾ ਜਾਣਦੇ ਹਨ ਤਾਂ ਜੋ ਬਾਅਦ ਵਿੱਚ ਕੋਈ ਆਪ੍ਰੇਸ਼ਨ ਨਹੀਂ ਕੀਤਾ ਜਾ ਸਕੇ। ਹਾਲਾਂਕਿ ਡਾਕਟਰ ਦੁਪਹਿਰ 3 ਵਜੇ ਤੋਂ ਬਾਅਦ ਆਨ ਕਾਲ ਡਿਊਟੀ ‘ਤੇ ਹੁੰਦੇ ਹਨ, ਫਿਰ ਵੀ ਉਹ ਗਰਭਵਤੀ ਔਰਤਾਂ ਨੂੰ ਦੂਜੇ ਹਸਪਤਾਲਾਂ ਵਿਚ ਰੈਫਰ ਕਰਨ ਨੂੰ ਪਹਿਲ ਦਿੰਦੇ ਹਨ। ਸਿਹਤ ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਦਿਨ ਦੀ ਸ਼ਿਫਟ ਪੂਰੀ ਕਰਕੇ ਘਰ ਜਾਣ ਦੀ ਕਾਹਲੀ ਕਾਰਨ ਡਾਕਟਰਾਂ ਅਤੇ ਸਟਾਫ਼ ਵੱਲੋ ਗਰਭਵਤੀ ਔਰਤਾਂ ਦੀ ਸਰਜਰੀ ਕੀਤੀ ਜਾ ਰਹੀ ਹੈ।

ਇਸੇ ਮਾਮਲੇ ਦੇ ਸਬੰਧ ਵਿੱਚ ਲੁਧਿਆਣਾ ਦੇ ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਨੇ ਦੋ ਸਰਕਾਰੀ ਹਸਪਤਾਲਾਂ ਅਤੇ ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਵੱਲੋਂ ਕਰਵਾਏ ਗਏ ਸੀ-ਸੈਕਸ਼ਨ ਆਪ੍ਰੇਸ਼ਨਾਂ ਦੀ ਜ਼ਿਆਦਾ ਗਿਣਤੀ ਲਈ ਸਪੱਸ਼ਟੀਕਰਨ ਮੰਗਿਆ ਹੈ। ਖੰਨਾ ਅਤੇ ਸਮਰਾਲਾ ਦੇ ਸਰਕਾਰੀ ਹਸਪਤਾਲਾਂ ਨੂੰ ਜਾਰੀ ਕੀਤੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਦੁਪਹਿਰ 3 ਵਜੇ ਤੋਂ ਬਾਅਦ ਕੋਈ ਵੀ ਸੀ-ਸੈਕਸ਼ਨ ਪ੍ਰਕਿਰਿਆ ਨਹੀਂ ਕੀਤੀ ਜਾ ਰਹੀ ਅਤੇ ਇਸ ਪ੍ਰਕਿਰਿਆ ਦੀ ਲੋੜ ਵਾਲੇ ਜ਼ਿਆਦਾਤਰ ਕੇਸਾਂ ਨੂੰ ਦੂਜੇ ਹਸਪਤਾਲਾਂ ਵਿਚ ਰੇਫਰ ਕੀਤਾ ਜਾ ਰਿਹਾ ਹੈ। ਇਨ੍ਹਾਂ ਹਸਪਤਾਲਾਂ ਦੇ ਸਟਾਫ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

WHO ਦੀ ਸਿਫ਼ਾਰਸ਼ ਤੋਂ ਕਿਤੇ ਵੱਧ ਹੈ ਗਿਣਤੀ

ਵਿਸ਼ਵ ਸਿਹਤ ਸੰਗਠਨ (WHO) ਸਿਫ਼ਾਰਸ਼ ਕਰਦਾ ਹੈ ਕਿ ਕਿਸੇ ਵੀ ਖੇਤਰ ਵਿਚ ਸੀ-ਸੈਕਸ਼ਨ ਜਣੇਪੇ ਦੀ ਪ੍ਰਤੀਸ਼ਤਤਾ 10-15 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਇਹ ਫ਼ੀਸਦੀ ਲੁਧਿਆਣਾ ਦੇ ਹਸਪਤਾਲਾਂ ਵਿਚ ਪਿਛਲੇ 1 ਸਾਲ ਵਿਚ ਬਹੁਤ ਜ਼ਿਆਦਾ ਹੈ। ਖੰਨਾ ਸਿਵਲ ਹਸਪਤਾਲ ਵਿਚ ਇਹ ਅੰਕੜਾ 45.20 ਫ਼ੀਸਦੀ ਅਤੇ ਸਮਰਾਲਾ ਦੇ ਸਿਵਲ ਹਸਪਤਾਲ ‘ਚ 51.42 ਫ਼ੀਸਦੀ ਹੈ। ਪ੍ਰਾਈਵੇਟ ਹਸਪਤਾਲਾਂ ਦੀ ਸਥਿਤੀ ਵੀ ਬਹੁਤ ਮਾੜੀ ਹੈ। ਮਾਰਚ 2023 ਤੋਂ ਮਾਰਚ 2024 ਦੇ ਵਿਚਕਾਰ, 191 ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚੋਂ 5 ਨੇ ਇਸ ਸਮੇਂ ਦੌਰਾਨ ਇਕ ਵੀ ਆਮ ਜਣੇਪਾ ਨਹੀਂ ਕਰਵਾਇਆ। ਉਨ੍ਹਾਂ ਵਿਚੋਂ 52 ਵਿਚ ਸੀ-ਸੈਕਸ਼ਨ ਦੀ ਡਿਲਿਵਰੀ ਦਰ 70 ਤੋਂ 96 ਫ਼ੀਸਦੀ ਤਕ ਵੀ ਹੈ। ਇਹ ਜਗ-ਜ਼ਾਹਿਰ ਹੈ ਕਿ ਪ੍ਰਾਈਵੇਟ ਹਸਪਤਾਲ ਸੀ-ਸੈਕਸ਼ਨ ਦੀ ਪ੍ਰਕਿਰਿਆ ਨੂੰ ਪੈਸਾ ਕਮਾਉਣ ਦੇ ਸਰੋਤ ਵਜੋਂ ਵਰਤਦੇ ਹਨ, ਪਰ ਸਰਕਾਰੀ ਹਸਪਤਾਲਾ ਵਿਚ ਜਿੱਥੇ ਕੋਈ ਫੀਸ ਨਹੀਂ ਲਈ ਜਾਂਦੀ, ਉੱਥੇ ਇਹ ਅੰਕੜੇ ਜ਼ਿਆਦਾ ਹੋਣਾ ਹੈਰਾਨੀਜਨਕ ਹੈ।

IMA ਨੇ ਜਤਾਈ ਚਿੰਤਾ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਮੁਖੀ ਡਾ: ਸੁਨੀਲ ਕਤਿਆਲ ਨੇ ਕਿਹਾ ਕਿ ਸੀ ਸੈਕਸ਼ਨ ਪ੍ਰਕਿਰਿਆਵਾਂ ਲਈ ਮੈਡੀਕਲ ਸੂਚਕ ਹੀ ਮਾਪਦੰਡ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੀ-ਸੈਕਸ਼ਨ ਵੱਖ-ਵੱਖ ਕਾਰਨਾਂ ਕਰਕੇ ਕੀਤੇ ਜਾਂਦੇ ਹਨ ਅਤੇ ਵਿੱਤੀ ਪ੍ਰੋਤਸਾਹਨ ਨੂੰ ਧਿਆਨ ਵਿਚ ਰੱਖ ਕੇ ਸੀ-ਸੈਕਸ਼ਨਾਂ ਦੀ ਸਲਾਹ ਦੇਣ ਲਈ ਕੁਝ ਡਾਕਟਰਾਂ ਦੀ ਆਲੋਚਨਾ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀ-ਸੈਕਸ਼ਨਾਂ ਦੀ ਵਧਦੀ ਗਿਣਤੀ ਚਿੰਤਾਜਨਕ ਹੈ।