ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਕ ਸੁੰਦਰ ਸਚਿੱਤਰ ਪੁਸਤਕ ਛਾਪਣ ਅਤੇ ਸਿੱਖ ਧਰਮ ਇਤਿਹਾਸ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਸਬੰਧੀ ਅਹਿਮ ਫੈਸਲੇ ਲਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱਤਰਤਾ ਦੌਰਾਨ ਇਹ ਫੈਸਲੇ ਲਏ ਗਏ ਹਨ।
ਇਸ ਦੌਰਾਨ ਭਵਿੱਖ ਵਿੱਚ ਖੋਜ ਕਾਰਜਾਂ ਵਿਚ ਜੈਤੋ ਦੇ ਮੋਰਚੇ ਦੀ ਪਹਿਲੀ ਸ਼ਤਾਬਦੀ ਮੌਕੇ ਖੋਜ ਭਰਪੂਰ ਪੁਸਤਕ ਤਿਆਰ ਕਰਨ, ਸ਼੍ਰੋਮਣੀ ਕਮੇਟੀ ਦਾ 100 ਸਾਲਾ ਇਤਿਹਾਸ ਸੰਗ੍ਰਹਿਤ ਕਰਨ ਸਮੇਤ ਬੀਤੇ ਸਮੇਂ ਅੰਦਰ ਪ੍ਰਕਾਸ਼ਤ ਕੀਤੇ ਅਹਿਮ ਦਸਤਾਵੇਜ਼ਾਂ ਨੂੰ ਮੁੜ ਛਾਪਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ- ਐਡਵੋਕੇਟ ਧਾਮੀ
-ਸ਼੍ਰੋਮਣੀ ਕਮੇਟੀ ਦਾ 100 ਸਾਲਾ ਇਤਿਹਾਸ, ਜੈਤੋ ਦੇ ਮੋਰਚੇ ਸਬੰਧੀ ਖੋਜ ਭਰਪੂਰ ਪੁਸਤਕ ਵੀ ਹੋਵੇਗੀ ਸੰਗ੍ਰਹਿਤ
-ਸਿੱਖ ਇਤਿਹਾਸ ਰੀਸਰਚ ਬੋਰਡ ਦੀ ਇਕੱਤਰਤਾ ’ਚ ਲਏ ਗਏ ਕਈ ਫੈਸਲੇhttps://t.co/vtZYlqBr5L pic.twitter.com/TI0Ldf0Stz— Shiromani Gurdwara Parbandhak Committee (@SGPCAmritsar) April 29, 2023
ਇਕੱਤਰਤਾ ਦੇ ਫੈਸਲਿਆਂ ਸਬੰਧੀ ਐਡਵੋਕੇਟ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਇਥੇ ਦੇ ਅਸਥਾਨਾਂ ਬਾਰੇ ਇਕ ਅਹਿਮ ਦਸਤਾਵੇਜੀ ਪੁਸਤਕ ਤਿਆਰ ਕੀਤੀ ਜਾਵੇਗੀ। ਇਸ ਵਿਚ ਇਤਿਹਾਸਕ ਵੇਰਵਿਆਂ ਅਤੇ ਹਵਾਲਿਆਂ ਤੋਂ ਇਲਾਵਾ ਵੱਖ-ਵੱਖ ਤਸਵੀਰਾਂ ਵੀ ਦਰਜ ਕੀਤੀਆਂ ਜਾਣਗੀਆਂ। ਇਹ ਯਾਦਗਾਰੀ ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਹੋਵੇਗੀ ਜੋ ਇਥੇ ਆਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਦੇਣ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਅਹਿਮ ਥਾਵਾਂ ’ਤੇ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਸ਼੍ਰੋਮਣੀ ਕਮੇਟੀ ਦਾ 100 ਸਾਲਾ ਇਤਿਹਾਸ ਕਲਮਬੱਧ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 50 ਸਾਲਾ ਇਤਿਹਾਸ ਸ਼੍ਰੋਮਣੀ ਕਮੇਟੀ ਵੱਲੋਂ ਸੰਗ੍ਰਹਿਤ ਕੀਤਾ ਗਿਆ ਸੀ। ਹੁਣ ਸ਼੍ਰੋਮਣੀ ਕਮੇਟੀ ਆਪਣਾ 100 ਸਾਲਾ ਸਫ਼ਰ ਤੈਅ ਕਰ ਚੁੱਕੀ ਹੈ ਅਤੇ ਇਸ ਦੌਰਾਨ ਲਏ ਗਏ ਅਹਿਮ ਫੈਸਲਿਆਂ, ਪੰਥਕ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤਕ ਪਹੁੰਚਾਇਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਤੇ ਸਮੇਂ ’ਚ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਕਈ ਅਹਿਮ ਖੋਜ ਕਾਰਜ ਕੀਤੇ ਗਏ ਸਨ, ਜਿਨ੍ਹਾਂ ਵਿਚ ‘ਇਤਿਹਾਸਕ ਪੱਤਰ’ ਨਾਂ ਦਾ ਖੋਜ ਪਰਚਾ ਵੀ ਸ਼ਾਮਲ ਹੈ। ਇਸ ਖੋਜ ਪਰਚੇ ਦੇ ਪੁਰਾਣੇ ਅੰਕ ਬੇਹੱਦ ਮਹੱਤਵਪੂਰਨ ਹਨ, ਜਿਨ੍ਹਾਂ ਨੂੰ ਮੁੜ ਪ੍ਰਕਾਸ਼ਤ ਕੀਤਾ ਜਾਵੇਗਾ ਅਤੇ ਇਸ ਮਗਰੋਂ ਇਸ ਦੀ ਨਵੀਂ ਲੜੀ ਅੱਗੇ ਵਧਾਉਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ। ਇਸ ਦਾ ਮੰਤਵ ਸਿੱਖ ਖੋਜਕਾਰਾਂ ਨੂੰ ਇਤਿਹਾਸ ਦੇ ਵਿਸ਼ੇ ’ਤੇ ਖੋਜ ਵੱਲ ਰੁਚਿਤ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਗਦਰ ਲਹਿਰ ਬਾਰੇ ਤਤਕਾਲੀ ਅਖ਼ਬਾਰਾਂ ਦੇ ਅਧਾਰ ’ਤੇ ਖੋਜ ਕਾਰਜ ਵੀ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਸਿੱਖ ਵਿਰੋਧੀ ਬਿਰਤਾਂਤ ਦੇ ਜਵਾਬ ਲਈ ਸਰਗਰਮ ਮੰਚ ਸਥਾਪਤ ਕਰਨ ਲਈ ਵੀ ਕਾਰਜ ਕੀਤੇ ਜਾਣਗੇ। ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਰੂਪ ਰੇਖਾ ਤਿਆਰ ਕਰੇਗੀ।