‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਬਾਣੀ ਦੀਆਂ ਤੁਕਾਂ ਵਾਲੇ ਰੁਮਾਲ ਵੇਚਣ ਵਾਲਿਆਂ ਨੂੰ ਤਾੜਿਆ ਹੈ। ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਅਤੇ ਦੁਕਾਨਦਾਰਾਂ ਦੇ ਨਾਂ ਦਿੱਤੇ ਇੱਕ ਸੁਨੇਹੇ ਵਿੱਚ ਕਿਹਾ ਹੈ ਕਿ ਖੰਡਾ ਸਾਹਿਬ, ੴ ਅਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਰੁਮਾਲ ਵੇਚਣ ਤੋਂ ਵਰਜ ਦਿੱਤਾ ਹੈ। ਉਨ੍ਹਾਂ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਸਿੱਖ ਸੰਗਤਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਤਰਾਜ਼ ਭੇਜੇ ਗਏ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਖੰਡਾ ਸਾਹਿਬ, ੴ ਅਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਰੁਮਾਲ ਛਾਪ ਕੇ ਬਾਜ਼ਾਰ ਵਿੱਚ ਵੇਚੇ ਜਾ ਰਹੇ ਹਨ ਜਿਸ ਨੂੰ ਵਰਤਣ ਤੋਂ ਬਾਅਦ ਇੱਧਰ ਉੱਧਰ ਸੁੱਟ ਦਿੱਤਾ ਜਾਂਦਾ ਹੈ ਜਿਸ ਨਾਲ ਬੇਅਦਬੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਫ਼ੈਸਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਦੇਸ਼ਾਂ ਤੋਂ ਬਾਅਦ ਲਿਆ ਹੈ।
ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਹੈ ਕਿ ਵਪਾਰਕ ਲਾਭ ਲਈ ਰੁਮਾਲਾ ਆਦਿ ਉੱਪਰ ਖੰਡਾ ਸਾਹਿਬ, ੴ ਅਤੇ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਤੁਰੰਤ ਬੰਦ ਕੀਤੀ ਜਾਵੇ। ਹੁਕਮ ਨਾ ਮੰਨਣ ਵਾਲੇ ਦੁਕਾਨਦਾਰਾਂ ਨੂੰ ਕਾਰਵਾਈ ਦੀ ਦੁਬਾਰਾ ਤੋਂ ਤਾੜਨਾ ਕੀਤੀ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੇ ਇੱਕ ਸਿੱਖ ਥਮਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਪੱਧਰ ਉੱਤੇ ਛਾਪਣ ਦਾ ਮਾਮਲਾ ਸਾਹਮਣੇ ਆਇਆ ਸੀ। ਥਮਿੰਦਰ ਸਿੰਘ ਦੇ ਉੱਤੇ ਗੁਰਬਾਣੀ ਦੀਆਂ ਤੁਕਾਂ ਨਾਲ ਜੁੜੀਆਂ ਲਗਾਂ ਮਾਤਰਾ ਬਦਲਣ ਦਾ ਦੋਸ਼ ਲੱਗਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ।
ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੇ ਸਾਹਮਣੇ ਲੱਗੇ ਸਟਾਲਾਂ ਉੱਤੇ ਕੇਸਰੀ ਰੰਗ ਦੇ ਪਟਕੇ ਆਮ ਵੇਚੇ ਜਾ ਰਹੇ ਹਨ, ਜਿਨ੍ਹਾਂ ਨੂੰ ਮੱਥਾ ਟੇਕਣ ਵੇਲੇ ਸ਼ਰਧਾਲੂ ਸਿਰ ਉੱਤੇ ਸਜਾ ਲੈਂਦੇ ਹਨ। ਉਸ ਤੋਂ ਬਾਅਦ ਇਨ੍ਹਾਂ ਰੁਮਾਲਾਂ ਨੂੰ ਸੰਭਾਲ ਕੇ ਰੱਖਣ ਦੀ ਥਾਂ ਥਾਏਂ ਬੇਥਾਏਂ ਸੁੱਟ ਦਿੱਤਾ ਜਾਂਦਾ ਹੈ ਜਿਸਦਾ ਸੰਗਤਾਂ ਨੇ ਆਪਣੇ ਪੱਧਰ ਉੱਤੇ ਗੰਭੀਰ ਨੋਟਿਸ ਲੈਂਦਿਆਂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਧਿਆਨ ਵਿੱਚ ਲਿਆਂਦਾ ਸੀ।