India International Punjab

SGPC ਨੇ ਯੂਕੇ ਦੀ ਗ੍ਰਹਿ ਸਕੱਤਰ ਖ਼ਿਲਾਫ਼ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਲਿਖੀ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਵੱਲੋਂ ਸਿੱਖਾਂ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਲੈ ਕੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਕੇ ਪ੍ਰੀਤੀ ਪਟੇਲ ਵੱਲੋਂ ਸਿੱਖ ਭਾਈਚਾਰੇ ਵਿਰੁੱਧ ਕੀਤੀ ਬਿਆਨਬਾਜ਼ੀ ਲਈ ਮੁਆਫ਼ੀ ਮੰਗਣ ਅਤੇ ਇਸ ਬੇਬੁਨਿਆਦ ਬਿਆਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਸਕੱਤਰ ਪਟੇਲ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀਆਂ ਹਰਕਤਾਂ ਕਰਕੇ ਸਿੱਖ ਸਮਾਜ ਦੇ ਵਿਰੁੱਧ ਬੇਬੁਨਿਆਦ ਦਾਅਵੇ ਕਰ ਰਹੀ ਹੈ।

ਦਰਅਸਲ, ਪ੍ਰੀਤੀ ਪਟੇਲ ਨੇ 19 ਨਵੰਬਰ, 2021 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਹੈਰੀਟੇਜ ਫਾਊਂਡੇਸ਼ਨ ਨੂੰ ਆਪਣੇ ਸੰਬੋਧਨ ਦੌਰਾਨ ਸਿੱਖਾਂ ਵਿਰੁੱਧ ਬਿਆਨ ਦਿੱਤਾ ਸੀ, ਜੋ ਹੁਣ ਸਾਹਮਣੇ ਆਇਆ ਹੈ। ਉਸ ਨੇ ਕਿਹਾ ਸੀ ਕਿ ਸਿੱਖ ਵੱਖਵਾਦੀ ਕੱਟ ੜਪੰਥੀਆਂ ਨੇ ਵੀ ਹਾਲ ਹੀ ਦੇ ਸਾਲਾਂ ਵਿੱਚ ਕਾਫੀ ਤਣਾਅ ਪੈਦਾ ਕੀਤਾ ਹੈ।

ਧਾਮੀ ਨੇ ਇਤਰਾਜ਼ ਜਾਹਿਰ ਕਰਦਿਆਂ ਕਿਹਾ ਕਿ 19 ਨਵੰਬਰ 2021 ਨੂੰ ਯੂ.ਕੇ. ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਭਾਸ਼ਨ ਦਿੱਤਾ ਸੀ, ਜਿਸ ਵਿੱਚ ਸਿੱਖਾਂ ਵਿਰੁੱਧ ਵਿਚਾਰ ਪੇਸ਼ ਕੀਤੇ ਗਏ ਹਨ। ਧਾਮੀ ਨੇ ਕਿਹਾ ਕਿ ਯੂਕੇ ਦੀਆਂ ਸਿੱਖ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਤੀ ਪਟੇਲ ਦਾ ਸੰਬੋਧਨ ਸਿੱਖ ਕੌਮ ਦੇ ਅਕਸ ਨੂੰ ਭਾਰੀ ਠੇਸ ਪਹੁੰਚਾਉਣ ਵਾਲਾ ਹੈ।

ਧਾਮੀ ਨੇ ਕਿਹਾ ਕਿ ਯੂਕੇ ਵਿੱਚ ਸਿੱਖਾਂ ਦਾ ਸਾਕਾਰਾਤਮਕ ਯੋਗਦਾਨ ਪਾਉਣ ਦਾ ਲੰਮਾ ਇਤਿਹਾਸ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਯੂਕੇ ਸਮੇਤ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੇ ਮਾਨਵਤਾਵਾਦੀ ਯਤਨਾਂ ਵਿੱਚ ਵੱਡਾ ਯੋਗਦਾਨ ਪਾਇਆ। ਦੁਨੀਆ ਭਰ ਦੇ ਸਿੱਖਾਂ ਨੇ ਆਪਣੀ ਮਿਹਤਨ ਨਾਲ ਵੱਖ-ਵੱਖ ਦੇਸ਼ਾਂ ਵਿੱਚ ਉੱਚ ਪੱਧਰ ’ਤੇ ਮੁਕਾਮ ਹਾਸਲ ਕੀਤਾ ਹੈ, ਪਰ ਪਟੇਲ ਵਰਗੇ ਨੇਤਾਵਾਂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਡੂੰਘੀ ਚਿੰਤਾ ਹੈ ਕਿ ਸੀਨੀਅਰ ਸਿਆਸਤਦਾਨਾਂ ਦੁਆਰਾ ਵੰਡਣ ਵਾਲੀ ਬੇਬੁਨਿਆਦ ਬਿਆਨਬਾਜ਼ੀ ਦੁਨੀਆ ਭਰ ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਨੂੰ ਜਨਮ ਦੇ ਸਕਦੀ ਹੈ।