‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਇੱਕ ਵਫ਼ਦ ਨੇ ਅੱਜ ਦਿੱਲੀ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਨਾਲ ਮੁਲਾਕਾਤ ਕਰਕੇ ਕੇਂਦਰ ਵੱਲੋਂ ਸਿੱਖ ਫੌਜੀਆਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰਨ ਦੇ ਫ਼ੈਸਲੇ ਪ੍ਰਤੀ ਵਿਰੋਧ ਜਤਾਇਆ ਹੈ। ਮੀਟਿੰਗ ਦੌਰਾਨ ਵਫ਼ਦ ਨੇ ਇਸ ਤਜਵੀਜ਼ ਨੂੰ ਮੁੱਢੋਂ ਰੱਦ ਕਰਦਿਆਂ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਚਰਚਾ ਨੂੰ ਫਜ਼ੂਲ ਕਰਾਰ ਦਿੱਤਾ ਹੈ। ਇਹ ਵਫ਼ਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਹਦਾਇਤਾਂ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜਿਆ ਗਿਆ ਸੀ।
ਵਫ਼ਦ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੂੰ ਸਪੱਸ਼ਟ ਕੀਤਾ ਹੈ ਕਿ ਸਿੱਖ ਮਰਿਆਦਾ ਅਤੇ ਪਛਾਣ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਵਫ਼ਦ ਨੇ ਇਤਿਹਾਸ ’ਚੋਂ ਮਿਸਾਲਾਂ ਦਿੰਦਿਆਂ ਆਖਿਆ ਕਿ ਵਿਸ਼ਵ ਜੰਗਾਂ ਤੇ ਭਾਰਤ ਦੀ ਆਜ਼ਾਦੀ ਮਗਰੋਂ ਦੇਸ਼ ਲਈ ਲੜੀਆਂ ਜੰਗਾਂ ਦੌਰਾਨ ਸਿੱਖ ਸਿਪਾਹੀਆਂ ਨੇ ਕਦੇ ਵੀ ਹੈਲਮੇਟ ਨਹੀਂ ਪਾਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੁਆਰਾ ਬਖਸ਼ੀ ਦਸਤਾਰ ਨਾਲ ਸਿੱਖ ਫ਼ੌਜੀਆਂ ਨੇ ਹਮੇਸ਼ਾ ਦੁਸ਼ਮਣ ਦਾ ਮੁਕਾਬਲਾ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਆਪਣਾ ਪੱਖ ਲਿਖਤੀ ਰੂਪ ਵਿੱਚ ਕੌਮੀ ਘੱਟਗਿਣਤੀ ਕਮਿਸ਼ਨ ਨੂੰ ਸੌਂਪਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ, ਦਿੱਲੀ ਦੇ ਸਿੱਖ ਆਗੂ ਸੁਖਵਿੰਦਰ ਸਿੰਘ ਬੱਬਰ, ਬੀਬੀ ਰਣਜੀਤ ਕੌਰ ਅਤੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਸ਼ਾਮਲ ਸਨ।
ਗੁਰਚਰਨ ਸਿੰਘ ਗਰੇਵਾਲ ਕਿਹਾ ਕਿ ਇਹ ਮਾਮਲਾ ਮਰਿਯਾਦਾ ਦਾ ਮਾਮਲਾ ਹੈ ਇਸ ’ਤੇ ਦਲੀਲ ਨਹੀਂ ਹੋ ਸਕਦੀ। ਕਿਉਂਕਿ ਇਹ ਦਸਤਾਰ ਸਿੱਖ ਮਰਿਯਾਦਾ ਤੇ ਸਾਡਾ ਮਾਣ, ਸਨਮਾਨ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਬਖ਼ਸ਼ੀ ਹੈ। ਪਿਛਲੇ ਸਮੇਂ ’ਚ ਇਸ ਹੈਲਮੇਟ ਤੋਂ ਬਿਨ੍ਹਾਂ ਸਾਡੇ ਜਵਾਨ ਬਹਾਦਰੀ ਨਾਲ ਲੜ੍ਹੇ । ਚਾਹੇ ਪਹਿਲਾ ਵਿਸ਼ਵ ਯੁੱਧ ਹੋਵੇ ਜਾਂ ਹੋਰ ਲੜਾਈਆਂ ’ਚ ਸਿੱਖ ਦਸਤਾਰ ਬੰਨ੍ਹ ਕੇ ਹੀ ਲੜਿਆ ਹੈ ।
ਉਨ੍ਹਾਂ ਨੇ ਕਿਹਾ ਕਿ ਇਹ ਗੱਲ ਮੰਨਣੀ ਹੋਵੇਗੀ ਦੇਸ਼ ਲਈ ਸਿੱਖ ਇਕ ਜ਼ਜ਼ਬਾ ਵੀ ਹੈ। ਸਿੱਖ ਇਕ ਸਿਪਾਹੀ ਹੋ ਸਕਦਾ ਹੈ ਤਨਖ਼ਾਹਦਾਰ ਹੋ ਸਕਦਾ ਹੈ, ਪਰ ਗੁਰੂ ਦਾ ਸਿੱਖ ਇਕ ਜ਼ਜ਼ਬਾ ਹੈ ਤੇ ਉਹ ਜ਼ਜ਼ਬੇ ਨਾਲ ਹੀ ਲੜਾਈ ਲੜ ਸਕਦਾ ਹੈ। ਅੱਜ ਤੱਕ ਇਸ ਦੇਸ਼ ਨੇ ਉਸ ਜ਼ਜ਼ਬੇ ਦਾ ਆਨੰਦ ਵੀ ਮਾਣਿਆ ਤੇ ਦੇਸ਼ ਆਜ਼ਾਦ ਵੀ ਹੋਇਆ ਹੈ। ਅੱਜ ਦੇਸ਼ ਦੀਆਂ ਸਰਹੱਦਾਂ ਵੀ ਸਿੱਖਾਂ ਕਰਕੇ ਆਜ਼ਾਦ ਹਨ। ਹੁਣ ਇਸ ਜ਼ਜ਼ਬੇ ਨੂੰ ਖ਼ਤਮ ਕੀਤਾ ਜਾ ਰਿਹਾ ਹੈ।