‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ICMR ਦੀ ਇੱਕ ਰਿਸਰਚ ਦਾ ਹਵਾਲਾ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ICMR ਰਿਸਰਚ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਹਨ ਕਿ ਕੋਵਿਡ-19 ਦੀ ਪੁਰਾਣੀ ਲਹਿਰ ਦੇ ਮੁਕਾਬਲੇ ਮੌਜੂਦਾ ਲਹਿਰ ਵਿੱਚ ਨੌਜਵਾਨ ਲੋਕਾਂ ਨੂੰ ਜ਼ਿਆਦਾ ਖਤਰਾ ਹੈ। ਤਾਂ ਫਿਰ ਅਰਵਿੰਦ ਕੇਜਰੀਵਾਲ ਕਿਸ ਆਧਾਰ ‘ਤੇ ਗੁੰਮਰਾਹਕੁੰਨ ਇਸ਼ਤਿਹਾਰ ਜਾਰੀ ਕਰ ਰਹੇ ਹਨ ਅਤੇ ਟੈਕਸ ਅਦਾ ਕਰਨ ਵਾਲੇ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਕਰੋਨਾ ਪ੍ਰਤੀ ਘਬਰਾਹਟ ਫੈਲਾ ਰਹੇ ਹਨ’।
ICMR ਦੀ ਰਿਸਰਚ ‘ਚ ਕੀ ਕਿਹਾ ਗਿਆ ਹੈ ?
Indian Council of Medical Research (ICMR) ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਹਨ ਕਿ ਕੋਵਿਡ-19 ਦੀ ਪੁਰਾਣੀ ਲਹਿਰ ਦੇ ਮੁਕਾਬਲੇ ਮੌਜੂਦਾ ਲਹਿਰ ਵਿੱਚ ਨੌਜਵਾਨ ਲੋਕਾਂ ਨੂੰ ਜ਼ਿਆਦਾ ਖਤਰਾ ਹੈ। ICMR ਨੇ ਹਸਪਤਾਲਾਂ ਵਿੱਚ ਦਾਖਲ ਕਰੋਨਾ ਪਾਜ਼ੀਟਿਵ ਮਰੀਜ਼ਾਂ ‘ਤੇ ਰਿਸਰਚ ਕਰਕੇ ਇਹ ਡਾਟਾ ਸਾਂਝਾ ਕੀਤਾ ਹੈ। ਕਾਊਂਸਲ ਨੇ ਇਹ ਵੀ ਕਿਹਾ ਹੈ ਕਿ ਸਾਲ 2021 ਵਿੱਚ ਕਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਦਰ ਸਾਲ 2020 ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਦੇ ਬਰਾਬਰ ਹੀ ਹੈ। ਇਸ ਵਿੱਚ ਕੋਈ ਖਾਸ ਫਰਕ ਵੇਖਣ ਨੂੰ ਨਹੀਂ ਮਿਲਿਆ।
ਕਾਊਂਸਲ ਨੇ ਕਿਹਾ ਕਿ ਦੋਵੇਂ ਕਰੋਨਾ ਲਹਿਰਾਂ ਵਿੱਚ ਤਕਰੀਬਨ 70 ਫੀਸਦ ਹਸਪਤਾਲਾਂ ਵਿੱਚ 40 ਸਾਲ ਤੋਂ ਉੱਪਰ ਦੇ ਕਰੋਨਾ ਪਾਜ਼ੀਟਿਵ ਮਰੀਜ਼ ਦਾਖਲ ਹਨ। ਕੋਵਿਡ-19 ਦੀ ਮੌਜੂਦਾ ਲਹਿਰ ਵਿੱਚ ਉਮਰ ਨਾਲ ਸਬੰਧਿਤ ਕੋਈ ਫਰਕ ਨਹੀਂ ਆਇਆ ਹੈ ਭਾਵ ਇਸ ਲਹਿਰ ਵਿੱਚ ਨੌਜਵਾਨਾਂ ਨੂੰ ਕਰੋਨਾ ਪ੍ਰਤੀ ਟਾਰਗੇਟ ਕਰਨਾ ਸਹੀ ਨਹੀਂ ਹੈ, ਹਾਲਾਂਕਿ, ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਹਾਲੇ ਵੀ ਕਰੋਨਾ ਦੀ ਲਾਗ ਲੱਗਣ ਦਾ ਖਤਰਾ ਹੈ। ICMR ਨੇ ਇਹ ਵੀ ਵਿਸ਼ਲੇਸ਼ਣ ਕੀਤਾ ਹੈ ਕਿ ਸਾਲ 2020 ਦੇ ਮੁਕਾਬਲੇ ਮੌਜੂਦਾ ਲਹਿਰ ਵਿੱਚ ਕਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਿਆਦਾ ਲੋੜ ਹੈ।