The Khalas Tv Blog Khaas Lekh ਖ਼ਾਸ ਲੇਖ – ‘ਜਾਂਬਾਜ਼’ ਸੰਤ ਰਾਜਾ ਸਿੰਘ! ਸਭ ਤੋਂ ਪਹਿਲਾਂ ‘ਧੀ’ ਦਾ ਸਿਰ ਵੱਢਿਆ, ਫਿਰ ਪਰਿਵਾਰ ਦੇ 26 ਲੋਕਾਂ ਦਾ! ’47 ਦੀ ਵੰਡ ਦਾ ਦੂਜਾ ਜਲ੍ਹਿਆਂਵਾਲਾ ਬਾਗ਼, ਜੋਸ਼ ਤੇ ਰੂਹ ਕੰਭਾਉਣ ਵਾਲੀ ਦਾਸਤਾਨ
Khaas Lekh Khalas Tv Special Punjab

ਖ਼ਾਸ ਲੇਖ – ‘ਜਾਂਬਾਜ਼’ ਸੰਤ ਰਾਜਾ ਸਿੰਘ! ਸਭ ਤੋਂ ਪਹਿਲਾਂ ‘ਧੀ’ ਦਾ ਸਿਰ ਵੱਢਿਆ, ਫਿਰ ਪਰਿਵਾਰ ਦੇ 26 ਲੋਕਾਂ ਦਾ! ’47 ਦੀ ਵੰਡ ਦਾ ਦੂਜਾ ਜਲ੍ਹਿਆਂਵਾਲਾ ਬਾਗ਼, ਜੋਸ਼ ਤੇ ਰੂਹ ਕੰਭਾਉਣ ਵਾਲੀ ਦਾਸਤਾਨ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਕਹਿੰਦੇ ਨੇ ਹਿੰਸਕ ਭੀੜ ਦਾ0 ਕੋਈ ਧਰਮ ਨਹੀਂ ਹੁੰਦਾ ਹੈ, ਕੋਈ ਇਮਾਨ ਨਹੀਂ ਹੁੰਦਾ ਹੈ, ਹੁੰਦਾ ਹੈ ਤਾਂ ਸਿਰਫ਼ ਬੇਦਰਦ ਦਿਲ ਅਤੇ ਅੱਖਾਂ ’ਚ ਉਹ ਜਨੂੰਨ ਜੋ ਕਿਸੇ ਪਛਤਾਵੇ ਦਾ ਮੌਹਤਾਜ਼ ਨਹੀਂ ਹੁੰਦਾ। ਬੰਗਲਾਦੇਸ਼ ਵਿੱਚ ਜਿਸ ਮਕਸਦ ਨਾਲ 1 ਮਹੀਨੇ ਪਹਿਲਾਂ ਸ਼ੇਖ ਹਸੀਨਾ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਹੋਈ ਸੀ ਉਹ ਅੰਜਾਮ ਤੱਕ ਪਹੁੰਚ ਗਈ, ਹਸੀਨਾ ਮੁਲਕ ਤੋਂ ਬੇਦਖ਼ਲ ਹੋ ਗਈ ਪਰ ਇਸ ਅੰਦੋਲਨ ਦੀ ਆੜ ਵਿੱਚ ਜਿਹੜੀ ਭੀੜ ਹੁਣ ਲੋਕਾਂ ਦੇ ਘਰਾਂ ਨੂੰ ਅੱਗ ਲਾ ਰਹੀ ਹੈ, ਉਸੇ ਭੀੜ ਨੇ ’47 ਦੀ ਵੰਡ ਦੀ ਲਕੀਰ ਨੂੰ ਵੀ ਨਿਰਦੋਸ਼ਾਂ ਦੀਆਂ ਲਾਸ਼ਾਂ ਨਾਲ ਖਿੱਚਿਆ ਸੀ। 

ਉਸ ਵੇਲੇ ਸਭ ਤੋਂ ਜ਼ਿਆਦਾ ਸੰਤਾਪ ਪੰਜ ਦਰਿਆਵਾ ਦੀ ਧਰਤੀ ਪੰਜਾਬ ਨੇ ਭੁਗਤਿਆ, ਜਿਸ ਦੀਆਂ ਨਦੀਆਂ ਵਿੱਚ ਪਾਣੀ ਘੱਟ ਖ਼ੂਨ ਜ਼ਿਆਦਾ ਨਜ਼ਰ ਆਇਆ ਸੀ। ਦੇਸ਼ ਦੇ 78ਵੇਂ ਅਜ਼ਾਦੀ ਦਿਹਾੜੇ ’ਤੇ ਅਸੀਂ ਸੰਤ ਰਾਜਾ ਸਿੰਘ ਦੀ ਜਹਾਬਾਜ਼ ਦਾਸਤਾਨਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਕੇ ’47 ਦੀ ਵੰਡ ਵੇਲੇ ‘ਸੀਸ ਦੀਆ ਪਰ ਸਿਰਰੁ ਨਾ ਦੀਆ’ ਦੇ ਮਹਾਂਵਾਕ ਨੂੰ ਆਪਣੇ ਪਰਿਵਾਰ ਦੇ 26 ਲੋਕਾਂ ਦੀ ਸ਼ਹਾਦਤ ਦੇ ਕੇ ਨਿਭਾਇਆ। 

2 ਜੂਨ 1947 ਨੂੰ ਭਾਰਤ ਦੇ ਵਾਇਸਰਾਏ ਮਾਉਂਟਬੇਨ ਨੇ ਵੰਡ ਦਾ ਪਲਾਨ ਪੇਸ਼ ਕੀਤਾ, 4 ਜੂਨ ਨੂੰ ਨਹਿਰੂ, ਜਿਨਹਾ ਅਤੇ ਸਿੱਖਾਂ ਦੇ ਨੁਮਾਇੰਦੇ ਬਲਦੇਵ ਸਿੰਘ ਨੇ ਲੋਕਾਂ ਨੂੰ ਆਲ ਇੰਡੀਆ ਰੇਡੀਓ ’ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਮੁਹੰਮਦ ਅਲੀ ਜਿਨਹਾ ਅਜ਼ਾਦੀ ਤੋਂ ਪਹਿਲਾਂ ਹੀ ਪਾਕਿਸਤਾਨ ਚਾਹੁੰਦੇ ਸਨ, ਅਜਿਹੇ ਵਿੱਚ ਵੱਖ ਮੁਲਕ ਦੀ ਅੱਗ ਕਿਧਰੇ ਨਾ ਕਿਧਰੇ ਅੰਦਰ ਹੀ ਅੰਦਰ ਪਹਿਲਾਂ ਤੋਂ ਹੀ ਸੁਲਗ ਰਹੀ ਸੀ।

ਵੰਡ ਦੇ 3 ਮਹੀਨੇ ਪਹਿਲਾਂ ਹੀ ਮੁਲਤਾਨ, ਰਾਵਲਪਿੰਡੀ ਅਤੇ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਹਿੰਸਾ ਭੜਕ ਚੁੱਕੀ ਸੀ। ਇਸ ਦੀ ਜ਼ਦ ਹੇਠ ਰਾਵਲਪਿੰਡੀ ਤੋਂ 35 ਕਿਲੋਮੀਟਰ ਦੂਰ 600 ਘਰਾਂ ਵਾਲਾ ਥੋਹਾ ਖ਼ਾਲਸਾ ਪਿੰਡ ਵੀ ਆਇਆ। ਥੋਹਾ ਖ਼ਾਲਸਾ ਪਿੰਡ ਵਿੱਚ ਸਿੱਖ ਅਤੇ ਹਿੰਦੂ ਵੱਡੀ ਗਿਣਤੀ ਵਿੱਚ ਜ਼ਮੀਦਾਰ ਸਨ ਅਤੇ ਮੁਸਲਮਾਨ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਸਨ। 6 ਮਾਰਚ 1947 ਨੂੰ ਸ਼ਾਮ ਦਾ ਵੇਲਾ ਸੀ ਜਦੋਂ ਮੁਸਲਮਾਨ ਪਿੰਡਾਂ ਦੀ ਭੀੜ ਨੇ ਥੋਹਾ ਖ਼ਾਲਸਾ ਪਿੰਡ ਨੂੰ ਘੇਰਾ ਪਾ ਲਿਆ। ਸਿੱਖ ਭਾਈਚਾਰੇ ਨੇ 20 ਹਜ਼ਾਰ ਦਿੱਤੇ ਤਾਂ ਭੀੜ ਵਾਪਸ ਪਰਤ ਗਈ। ਸਾਰੇ ਪਿੰਡ ਵਾਲਿਆਂ ਨੇ ਸੰਤ ਗੁਲਾਬ ਸਿੰਘ ਹਵੇਲੀ ਵਿੱਚ ਪਨਾਹ ਲੈ ਲਈ ਤਾਂ ਕਿ ਜੇਕਰ ਮੁੜ ਤੋਂ ਭੀੜ ਆਏ ਤਾਂ ਮਿਲ ਕੇ ਮੁਕਾਬਲਾ ਕਰ ਸਕੀਏ।

‘ਮੈਨੂੰ ਇਕ ਕੁੜੀ ਦੇ ਦਿਉ ਮੈਂ ਸਾਰੀ ਭੀੜ ਨੂੰ ਹਟਾ ਲਵਾਂਗਾ’

3 ਦਿਨ ਬਾਅਦ 9 ਮਾਰਚ ਨੂੰ ਕੁਹਾੜੀਆਂ ਤੇ ਤਲਵਾਰਾਂ ਦੇ ਨਾਲ ਮੁੜ ਤੋਂ ਥੋਹਾ ਖ਼ਾਲਸਾ ਪਿੰਡ ’ਤੇ ਹਮਲਾ ਹੋ ਗਿਆ। ਹਮਲਾਵਰ ਇਸ ਵਾਰ ਸਿੱਖਾਂ ਅਤੇ ਹਿੰਦੂਆਂ ਦੀ ਆਬਰੂ ’ਤੇ ਹਮਲਾ ਕਰਨ ਦੀ ਸੋਚ ਨਾਲ ਆਏ ਸਨ। ਭੀੜ ਵਿੱਚ ਗੁਲਾਮ ਰਸੂਲ ਨਾਂ ਦੇ ਇੱਕ ਸ਼ਖਸ਼ ਨੇ ਐਲਾਨ ਕੀਤਾ ਕਿ ‘ਮੈਨੂੰ ਇਕ ਕੁੜੀ ਦੇ ਦਿਉ ਮੈਂ ਸਾਰੀ ਭੀੜ ਨੂੰ ਹਟਾ ਲਵਾਂਗਾ।’ ਪਿੰਡ ਦੇ ਡਰੇ ਲੋਕ ਸਮਝੌਤਾ ਕਰਨ ਨੂੰ ਤਿਆਰ ਹੋ ਗਏ। ਪਰ ਪਿੰਡ ਦੇ ਸੰਤ ਰਾਜਾ ਸਿੰਘ ਨੇ ਇਸ ਤੋਂ ਵੱਖਰੀ ਅਣਖ ਦੀ ਅਵਾਜ਼ ਬੁਲੰਦ ਕੀਤੀ। ਰਾਜਾ ਸਿੰਘ ਨੇ ਕਿਹਾ ਅਸੀਂ ਸਿੱਖ ਕੌਮ ਦੇ ਵਾਰਿਸ ਹਾਂ ਅਜਿਹਾ ਨਹੀਂ ਹੋਣ ਦੇ ਸਕਦੇ। ਇਸ ਤੋਂ ਚੰਗੀ ਤਾਂ ਮੌਤ ਹੈ, ਸਾਡੇ ਗੁਰੂ ਸਾਹਿਬਾਨਾਂ ਨੇ ਵੀ ਔਰੰਗਜ਼ੇਬ ਖ਼ਿਲਾਫ਼ ਸਿਰ ਨਹੀਂ ਝੁਕਾਇਆ ਸੀ।

ਆਬਰੂ ਬਚਾਉਣ ਲਈ ਘਰ ਦੀਆਂ 26 ਔਰਤਾਂ ਨੂੰ ਮੌਤ ਦੀ ਨੀਂਦ ਸੁਆਇਆ

ਸੰਤ ਰਾਜਾ ਸਿੰਘ ਦੇ ਸ਼ਬਦਾਂ ਨੇ ਪਿੰਡ ਵਾਲਿਆਂ ਦੇ ਦਿਲਾਂ ਵਿੱਚ ਅਣਖ ਦੀ ਅੱਗ ਜਗਾ ਦਿੱਤੀ। ਸੰਤ ਰਾਜਾ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਦੋਸਤ ਗੁਲਾਬ ਸਿੰਘ ਦੀ ਹਵੇਲੀ ਵਿੱਚ ਆਪਣੇ ਭਰਾ ਅਵਤਾਰ ਸਿੰਘ ਦੇ ਪਰਿਵਾਰ ਨੂੰ ਮਿਲਾ ਕੇ ਕੁੱਲ 26 ਔਰਤਾਂ ਨੂੰ ਇਕੱਠਾ ਕੀਤਾ। ਜਿਨ੍ਹਾਂ ਦੀ ਉਮਰ 10 ਤੋਂ 40 ਸਾਲ ਦੇ ਵਿਚਾਲੇ ਸੀ। ਸੰਤ ਰਾਜਾ ਸਿੰਘ ਨੇ ਆਪਣੀ ਪਤਨੀ ਪੁੱਤਰ ਅਤੇ ਹੋਰ ਔਰਤਾਂ ਨੂੰ ਹਵੇਲੀ ਦੇ ਉੱਤੇ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ। 

 

ਫਿਰ ਸਭ ਤੋਂ ਪਹਿਲਾਂ ਆਪਣੀ ਧੀ ਮਨ ਕੌਰ ਨੂੰ ਬੁਲਾਇਆ। ਸੰਤ ਰਾਜਾ ਸਿੰਘ ਪਿੰਡ ਦੇ ਡਰੇ ਹੋਏ ਲੋਕਾਂ ਨੂੰ ਸਾਬਿਤ ਕਰਨਾ ਚਾਹੁੰਦੇ ਸਨ ਕਿ ਆਪਣੀ ਧੀ ਨੂੰ ਵੇਖ ਕੇ ਉਹ ਕਮਜ਼ੋਰ ਨਹੀਂ ਪੈਣਗੇ। ਧੀ ਮਨ ਕੌਰ ਵੀ ਪਿਤਾ ਦੀ ਭਾਵਨਾ ਨੂੰ ਸਮਝ ਗਈ ਸੀ। ਉਹ ਆਪ ਅੱਗੇ ਆਈ ਅਤੇ ਚੁੰਨੀ ਪਾਸੇ ਕੀਤੀ ਅਤੇ ਸਿਰ ਅੱਗੇ ਕੀਤਾ। ਸੰਤ ਰਾਜਾ ਸਿੰਘ ਨੇ ਖੰਡੇ ਨਾਲ ਧੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। 

ਫਿਰ ਸੰਤ ਰਾਜਾ ਆਪਣੇ ਭਰਾ ਅਵਤਾਰ ਸਿੰਘ ਦੀ ਧੀ ਨੂੰ ਬੁਲਾਇਆ ਅਤੇ ਆਪਣੀ ਧੀ ਵਾਂਗ ਉਸ ਦਾ ਵੀ ਅੰਦਾਜ਼ ਉਹੀ ਹੋਇਆ। ਇਸੇ ਤਰ੍ਹਾਂ ਪਰਿਵਾਰ ਦੇ 26 ਮੈਂਬਰ ਅਣਖ ਦੀ ਖ਼ਾਤਰ ਮੌਤ ਨੂੰ ਗਲ਼ ਲਗਾਉਂਦੇ ਰਹੇ। ਇੰਨਾ ਖ਼ੂਨ-ਖ਼ਰਾਬਾ ਵੇਖ ਕੇ ਵੀ ਭੀੜ ਖ਼ੂਨ ਦੀ ਪਿਆਸੀ ਸੀ। ਜਿਵੇਂ ਹੀ ਹਵੇਲੀ ’ਤੇ ਹਮਲਾ ਕੀਤਾ, ਔਰਤਾਂ, ਬੱਚਿਆਂ ਨੇ ਹਵੇਲੀ ਵਿੱਚ ਮੌਜੂਦ ਖ਼ੂਹ ਵਿੱਚ ਬੱਚਿਆਂ ਨਾਲ ਛਾਲਾਂ ਮਾਰ ਦਿੱਤੀਆਂ।

ਜਲ੍ਹਿਆਂਵਾਲਾ ਬਾਗ ਵਾਂਗ ਇਹ ਖ਼ੂਹ ਵੀ ਨੱਕੋ-ਨੱਕ ਲਾਸ਼ਾਂ ਨਾਲ ਭਰ ਗਿਆ। ਇਹ ਦੂਜਾ ਜਲ੍ਹਿਆਂਵਾਲਾ ਬਾਗ਼ ਵਰਗੀ ਘਟਨਾ ਸੀ। ਅਖ਼ੀਰ ਸੰਤ ਰਾਜਾ ਸਿੰਘ ਨੇ ਵੀ ਆਪਣੇ ਆਪ ਨੂੰ ਗੋਲ਼ੀ ਮਾਰ ਦਿੱਤੀ। ਰਾਜਾ ਸਿੰਘ ਦਾ 16 ਸਾਲ ਦਾ ਪੁੱਤਰ ਬੀਰ ਬਹਾਦੁਰ ਸਿੰਘ ਨੇ ਇਹ ਹੈਵਾਨੀਅਤ ਆਪਣੇ ਸਾਹਮਣੇ ਵੇਖੀ ਅਤੇ ਕਿਸੇ ਤਰ੍ਹਾਂ ਉਹ ਬਚ ਗਿਆ ਅਤੇ ਭਾਰਤ ਆ ਗਿਆ।

ਬੀਰ ਬਹਾਦੁਰ ਸਿੰਘ ਨੇ ਇਸ ਪੂਰੇ ਘਟਨਾ ਦਾ ਜ਼ਿਕਰ ਲੇਖਿਆ ਉਰਵਿਸ਼ੀ ਬੁਟਾਲਿਆ ਨੂੰ ਕੀਤਾ ਜਿਸ ਨੇ ਆਪਣੀ ਕਿਤਾਬ The Other Side of Silence: Voices From the Partition of India ਵਿੱਚ ਸਿਲਸਿਲੇਵਾਰ ਪੂਰੀ ਦਾਸਤਾਨ ਦੱਸੀ। ਬੀਰ ਬਹਾਦੁਰ ਸਿੰਘ ਨੂੰ ਜਦੋਂ ਲੇਖਿਆ ਨੇ ਪੁੱਛਿਆ ਕਿ ਉਨ੍ਹਾਂ ਦੇ ਪਿਤਾ ਸੰਤ ਰਾਜਾ ਸਿੰਘ ਨੇ ਪਰਿਵਾਰ ਨੂੰ ਖ਼ਤਮ ਕਰਕੇ ਠੀਕ ਕੀਤਾ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਪਿਤਾ ਨੂੰ ਭੀੜ ਦੀ ਗੱਲ ਮੰਨ ਲੈਣੀ ਚਾਹੀਦੀ ਸੀ? ਜੇ ਅਜਿਹਾ ਹੁੰਦਾ ਤਾਂ ਮੈਂ ਕਦੇ ਵੀ ਆਪਣੀ ਕਹਾਣੀ ਤੁਹਾਨੂੰ ਨਹੀਂ ਦੱਸ ਸਕਦਾ ਸੀ। ਜਿਨ੍ਹਾਂ ਔਰਤਾਂ ਨੇ ਸਮਝੌਤਾ ਕੀਤਾ, ਉਨ੍ਹਾਂ ਨੂੰ ਬਾਅਦ ਵਿੱਚ ਆਪਣੀ ਜਾਨ ਦੇਣੀ ਪਈ। ਇਸ ਲਈ ਆਪਣੀ ਇੱਜ਼ਤ ਨੂੰ ਬਚਾਉਣ ਲਈ ਜਿਹੜਾ ਸਟੈਂਡ ਲਿਆ ਗਿਆ ਉਹ ਬਿਲਕੁਲ ਠੀਕ ਸੀ। ਮੇਰਾ ਪਰਿਵਾਰ ਬਹਾਦੁਰ ਸੀ ਅਤੇ ਉਹ ਸ਼ਹੀਦ ਹੋਇਆ। 

ਪਰਿਵਾਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦਮ ਤੋੜਦੇ ਵੇਖ ਬੀਰ ਬਹਾਦੁਰ ਸਿੰਘ ਕਿਸੇ ਤਰ੍ਹਾਂ ਪਾਕਿਸਤਾਨ ਤੋਂ ਬਾਅਦ ਦਿੱਲੀ ਆ ਗਿਆ ਅਤੇ ਭੋਗਲ ਰਿਫਿਊਜੀ ਕੈਂਪ ਵਿੱਚ ਰਹਿਣ ਲੱਗਾ। ਬੀਰ ਸਿੰਘ ਦੀ ਜ਼ਿੰਦਗੀ ਸਿਰਫ਼ ਵੰਡ ਦੇ ਸੰਤਾਪ ਤੱਕ ਸੀਮਤ ਨਹੀਂ ਸੀ। ਉਸ ਦੀਆਂ ਅੱਖਾਂ ਨੇ 1984 ਨਸਲਕੁਸ਼ੀ ਦਾ ਜ਼ੁਲਮ ਨਾ ਸਿਰਫ ਵੇਖਣਾ ਸੀ, ਬਲਕਿ ਆਪਣੇ ਪਿੰਡੇ ’ਤੇ ਹੰਡਾਉਣਾ ਵੀ ਸੀ। 

ਬੀਰ ਬਹਾਦੁਰ ਸਿੰਘ ਨੇ ਦੱਸਿਆ ਕਿ 1984 ਨਸਲਕੁਸ਼ੀ ਵਿੱਚ ਦਿੱਲੀ ਦੇ ਮਾਲਚਾ ਮਾਰਗ ਦੇ ਉਨ੍ਹਾਂ ਦੇ ਡਿਪਾਰਟਮੈਂਟ ਸਟੋਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਤਤਕਾਲੀ ਕੈਬਨਿਟ ਮੰਤਰੀ ਬੂਟਾ ਸਿੰਘ ਨਾਲ ਮੇਰਾ ਝਗੜਾ ਸੀ ਜਿਸ ਦੀ ਵਜ੍ਹਾ ਕਰਕੇ ਉਲਟਾ ਉਨ੍ਹਾਂ ਨੂੰ 1984 ਨਸਲਕੁਸ਼ੀ ਤੋਂ ਬਾਅਦ ਜੇਲ੍ਹ ਜਾਣਾ ਪਿਆ। ਠੰਡ ਵਿੱਚ ਉਨ੍ਹਾਂ ਦੇ ਪੈਰ ਨੰਗੇ ਰੱਖੇ ਜਾਂਦੇ ਸਨ, ਪੈਰ ਨੀਲੇ ਹੋ ਗਏ। 

ਬੀਰ ਬਹਾਦੁਰ ਸਿੰਘ ਦੱਸਦੇ ਹਨ ਹਨ ਕਿ ਉਨ੍ਹਾਂ ਨਾਲ ਹੋਏ ਇਸ ਮਾੜੇ ਵਤੀਰੇ ਦੇ ਬਾਵਜੂਦ, ਉਨ੍ਹਾਂ ਨੇ ਬੂਟਾ ਸਿੰਘ ਦੇ ਪੁੱਤਰ ਨੂੰ ਸੜਕ ਹਾਦਸੇ ਤੋਂ ਬਾਅਦ ਆਪਣੀ ਫਿਏਟ ਵਿੱਚ ਹਸਪਤਾਲ ਲਿਜਾ ਕੇ ਉਸ ਦੀ ਜਾਨ ਬਚਾਈ। ਬੀਰ ਬਹਾਦੁਰ ਸਿੰਘ ਨੇ ਦੱਸਿਆ 1984 ਵਿੱਚ ਉਨ੍ਹਾਂ ਨੂੰ ਉਸ ਜੇਲ੍ਹ ਵਿੱਚ ਰੱਖਿਆ ਗਿਆ ਜਿੱਥੇ ਪਾਰਲੀਮੈਂਟ ਹਮਲੇ ਦੇ ਮੁਲਜ਼ਮ ਅਫਜ਼ਲ ਗੁਰੂ ਨੂੰ ਰੱਖਿਆ ਗਿਆ ਸੀ। 

ਬੀਰ ਬਹਾਦੁਰ ਸਿੰਘ ਨੇ ਭਾਰਤ ਦੇ ਇਤਿਹਾਸ ਦੇ ਉਹ ਸਭ ਤੋਂ ਖੌਫਨਾਕ ਮੰਜ਼ਰ ਆਪਣੀਆਂ ਅੱਖਾਂ ਨਾਲ ਵੇਖੇ ਅਤੇ ਹੰਡਾਏ ਜਿਸ ਨੂੰ ਸੁਣ ਕੇ ਯਕੀਨਨ ਕਿਸੇ ਵੀ ਰੂਹ ਕੰਭ ਜਾਏ। ਅਜ਼ਾਦੀ ਦੇ 78ਵੇਂ ਅਜ਼ਾਦੀ ਦਿਹਾੜੇ ਸੰਤ ਰਾਜਾ ਸਿੰਘ ਦੀ ਦਾਸਤਾਨ ਤੁਹਾਡੇ ਸਾਹਮਣੇ ਲਿਆਉਣ ਦੇ ਪਿੱਛੇ ਮਕਸਦ ਸੀ, ਉਸ ਸੋਚ ਦੇ ਪ੍ਰਤੀ ਜਾਗਰੂਕ ਕਰਨਾ ਜੋ ਇਨਸਾਨ ਨੂੰ ਹੈਵਾਨ ਬਣਾ ਦਿੰਦੀ ਹੈ। ਪਰ ਸੰਤ ਰਾਜਾ ਸਿੰਘ ਅਤੇ ਬੀਰ ਬਹਾਦੁਰ ਸਿੰਘ ਵਰਗੇ ਜਾਹਬਾਜ਼ ਜ਼ੁਲਮ ਖ਼ਿਲਾਫ਼ ਲੜਨ ਅਤੇ ਉਸ ਦਾ ਮੂੰਹ ਤੋੜ ਜਵਾਬ ਦੇਣ ਦਾ ਹੌਂਸਲਾ ਦਿੰਦੇ ਹਨ।

Exit mobile version