‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਇੱਕ ਸਕੂਲ ਵਿੱਚ ਕਕਾਰਾਂ ਉੱਤੇ ਪਾਬੰਦੀ ਲਾਉਣ ਦੇ ਜਾਰੀ ਕੀਤੇ ਤੁਗਲਕੀ ਫੈਸਲੇ ਨੇ ਸਿੱਖਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਸਿੱਖਾਂ ਵਿੱਚ ਰੋਸ ਦੀ ਲਹਿਰ ਦੌੜ ਜਾਣ ਤੋਂ ਬਾਅਦ ਬਰੇਲੀ ਦੇ ਸੇਂਟ ਫਰਾਂਸਿਸ ਸਕੂਲ ਦੇ ਪ੍ਰਬੰਧਕਾਂ ਨੂੰ ਸਕੂਲ ਵਿੱਚ ਪੜਦੇ ਬੱਚਿਆਂ ਦੇ ਕਕਾਰ ਪਹਿਨਣ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਵਾਪਸ ਲੈਣਾ ਪੈ ਗਿਆ ਹੈ। ਇਸ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਕੂਲ ਦੇ ਮੂਹਰੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਸਿੱਖ ਕਕਾਰਾਂ ਉੱਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਪੱਕੇ ਤੌਰ ਉੱਤੇ ਵਾਪਿਸ ਲੈਣ ਦੀ ਮੰਗ ਕਰ ਰਹੇ ਸਨ।
ਦਰਅਸਲ, ਸਕੂਲ ਵਿੱਚ ਦਸਤਾਰ, ਕਿਰਪਾਨ ਅਤੇ ਕੜੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸੇਂਟ ਫਰਾਂਸਿਸ ਸਕੂਲ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਨਿਯਮ ਨਾ ਮੰਨਣ ਉੱਤੇ ਸਕੂਲ ਵਿੱਚ ਪੜਾਇਆ ਨਹੀਂ ਜਾਵੇਗਾ। ਸਕੂਲ ਦੇ ਆਦੇਸ਼ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਵਿਰੋਧ ਪੈਦਾ ਹੋ ਗਿਆ ਅਤੇ ਮਾਪਿਆਂ ਨੇ ਵੀ ਸਕੂਲ ਪਹੁੰਚ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਕਿਹਾ ਕਿ ਇਹ ਹੰਗਾਮਾ ਬਹੁਤ ਲੇਟ ਹੋ ਰਿਹਾ ਹੈ ਕਿਉਂਕਿ ਸਿੱਖਾਂ ਦੇ ਨਾਲ ਇਹ ਸਭ ਬਹੁਤ ਚਿਰ ਤੋਂ ਹੁੰਦਾ ਆ ਰਿਹਾ ਹੈ। ਸਕੂਲ ਵਿੱਚ ਸਿੱਖਾਂ ਦੀ ਸ਼ਾਨ ਦਸਤਾਰ ਨੂੰ ਬੰਨ੍ਹਣ ਤੋਂ ਮਨਾ ਕੀਤਾ ਗਿਆ ਹੈ। ਇਸ ਲਈ ਅਸੀਂ ਸਕੂਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਆਪਣਾ ਨਿਯਮ ਵਾਪਿਸ ਲੈਂਦੇ ਹਨ ਤਾਂ ਠੀਕ ਹੈ ਨਹੀਂ ਤਾਂ ਉਹ ਸਕੂਲ ਛੱਡ ਦੇਣ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੂੰ ਆਪਣਾ ਫੈਸਲਾ ਵਾਪਿਸ ਲੈਣਾ ਪੈ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਕੂਲ ਖਿਲਾਫ਼ ਸਖ਼ਤ ਨੋਟਿਸ ਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੇਸ਼ ਅੰਦਰ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਠੱਲ ਪਾਉਣ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਵੱਸਦੇ ਸਿੱਖਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੱਖ-ਵੱਖ ਰਾਜਾਂ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਸਿੱਖਾਂ ਨਾਲ ਹੋ ਰਹੇ ਧੱਕੇਸ਼ਾਹੀ ਨੂੰ ਰੋਕਣ ਲਈ ਇੱਕਜੁੱਟ ਹੋਣ। ਧਾਮੀ ਨੇ ਕਿਹਾ ਕਿ ਸਿੱਖਾਂ ਨਾਲ ਅਜਿਹਾ ਸਲੂਕ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਸਰਕਾਰਾਂ ਦੀ ਭੂਮਿਕਾ ਵੀ ਪਾਰਦਰਸ਼ੀ ਨਹੀਂ ਹੈ। ਘੱਟ ਗਿਣਤੀ ਹੋਣ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੀ ਇਨ੍ਹਾਂ ਮਾਮਲਿਆਂ ਦੀ ਆਪਣੇ ਪੱਧਰ ’ਤੇ ਜਾਂਚ ਕਰਵਾਏਗੀ।