ਤਰਨਤਾਰਨ ‘ਚ ਐਤਵਾਰ ਸਵੇਰੇ ਇੱਕ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਸਬਾ ਅੱਡਾ ਝਬਾਲ ਦੇ ਮੌਜੂਦਾ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਮਿਲੀ ਜਾਣਕਾਰੀ ਅਨੁਸਾਰ ਸਰਪੰਚ ਅਵਨ ਕੁਮਾਰ ਸੈਲੂਨ ‘ਚ ਕਟਿੰਗ ਕਰਵਾ ਰਹੇ ਸਨ। ਇਸੇ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਪਿੰਡ ਅੱਡਾ ਝਬਾਲ ਦਾ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਆਪਣੇ ਵਾਲ ਕਟਵਾਉਣ ਸੈਲੂਨ ਵਿੱਚ ਆਇਆ ਸੀ। ਉਸੇ ਸਮੇਂ ਬਾਈਕ ‘ਤੇ ਆਏ ਬਦਮਾਸ਼ ਨੇ ਉਸ ਦੇ ਪੇਟ ‘ਚ ਦੋ ਵਾਰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਉਥੇ ਹੀ ਉਸਦੀ ਮੌਤ ਹੋ ਗਈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦੀ ਜਰਮਨੀ ‘ਚ ਰਹਿਣ ਵਾਲੇ ਅੰਮ੍ਰਿਤਪਾਲ ਬਾਠ ਨਾਲ ਰੰਜਿਸ਼ ਸੀ। ਕੁਝ ਦਿਨ ਪਹਿਲਾਂ ਉਸ ਨੂੰ ਫੇਸਬੁੱਕ ‘ਤੇ ਧਮਕੀਆਂ ਮਿਲੀਆਂ ਸਨ।
ਸੈਲੂਨ ਵਾਲੇ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਇੱਕ ਨੌਜਵਾਨ ਆਇਆ। ਉਸਨੇ ਵਾਲ ਕੱਟਣ ਲਈ ਕਿਹਾ ਜਿਸ ਨੂੰ ਮੈਂ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਪਰ ਕੁਝ ਮਿੰਟਾਂ ਬਾਅਦ ਹੀ ਉਸ ਨੇ ਵਾਲ ਕਟਵਾ ਰਹੇ ਸੋਨੂੰ ਚੀਮਾ ਉੱਤੇ ਗੋਲ਼ੀਆਂ ਚਲਾ ਦਿੱਤੀ।
ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਬਾਈਕ ‘ਤੇ ਆਇਆ ਸੀ। ਗੋਲੀ ਚਲਾਉਣ ਵਾਲੇ ਨੌਜਵਾਨ ਦਾ ਇੱਕ ਸਾਥੀ ਆਪਣੀ ਬਾਈਕ ਸਟਾਰਟ ਕਰਕੇ ਦੁਕਾਨ ਦੇ ਬਾਹਰ ਖੜ੍ਹਾ ਸੀ। ਸਰਪੰਚ ਨੂੰ ਗੋਲੀ ਮਾਰਨ ਤੋਂ ਬਾਅਦ ਦੋਵੇਂ ਬਾਈਕ ‘ਤੇ ਫਰਾਰ ਹੋ ਗਏ।
ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸਰਪੰਚ ਸੋਨੂੰ ਵਿਜੇ ਐਤਵਾਰ ਸਵੇਰੇ ਕਰੀਬ 9 ਵਜੇ ਸੈਲੂਨ ਵਿੱਚ ਕਟਿੰਗ ਕਰਵਾ ਰਿਹਾ ਸੀ। ਬਦਮਾਸ਼ ਸੈਲੂਨ ਦੇ ਅੰਦਰ ਆ ਗਏ। ਨੌਜਵਾਨ 5 ਮਿੰਟ ਉੱਥੇ ਖੜ੍ਹਾ ਰਿਹਾ। ਸਰਪੰਚ ਨੇ ਕਟਾਈ ਕਰਵਾਈ। ਇਸ ਤੋਂ ਬਾਅਦ ਉਹ ਵੇਟਿੰਗ ਏਰੀਆ ‘ਤੇ ਬੈਠ ਗਿਆ। ਇਸ ਦੌਰਾਨ ਉਸ ਨੂੰ ਗੋਲੀ ਲੱਗੀ। ਉਸ ਸਮੇਂ ਸਰਪੰਚ ਦਾ ਹਥਿਆਰ ਵੀ ਕਾਰ ਵਿੱਚ ਪਿਆ ਸੀ। ਪੁਲੀਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਲਏ ਹਨ।