Punjab

ਤੀਜੇ ਦਿਨ ਵੀ ਜਾਮ ਹੈ ਮੁਹਾਲੀ ਦੀ ਆਹ ਸੜਕ,ਪ੍ਰਦਰਸ਼ਨਕਾਰੀ ਆਪਣੀ ਮੰਗ ਨੂੰ ਲੈ ਕੇ ਡੱਟੇ

ਸੋਹਾਣਾ : ਪੰਜਾਬ ਵਿੱਚ ਜਿਥੇ ਇੱਕ ਪਾਸੇ ਸੂਬੇ ਦੀ ਪੁਲਿਸ ਹਾਲਾਤ ਤੇ ਮਾਹੌਲ ਨੂੰ ਠੀਕ ਰੱਖਣ ਲਈ ਜਦੋ-ਜਹਿਦ ਕਰ ਰਹੀ ਹੈ,ਉੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਦੀ ਕਾਰਵਾਈ ਕਾਰਨ ਵੱਡੀ ਸੰਖਿਆ ਵਿੱਚ ਨੌਜਵਾਨ ਤੇ ਸੰਗਤ ਸੜ੍ਹਕ ‘ਤੇ ਉੱਤਰ ਆਈ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਲਗਦੇ ਸ਼ਹਿਰ ਮੁਹਾਲੀ ਵਿੱਚ ਵੀ ਅੰਮ੍ਰਿਤਪਾਲ ਦੇ ਹੱਕ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਹੈ।

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਿਲਕੁਲ ਸਾਹਮਣੇ ਵਾਲੇ ਚੌਂਕ ਨੂੰ ਬਿਲਕੁਲ ਜਾਮ ਕਰ ਦਿੱਤਾ ਗਿਆ ਹੈ ਤੇ ਏਅਰਪੋਰਟ ਵੱਲ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਪ੍ਰਦਰਸ਼ਨਕਾਰੀ ਪਿਛਲੇ ਤਿੰਨ ਦਿਨਾਂ ਤੋਂ ਡੱਟੇ ਹੋਏ ਹਨ। ਇਹਨਾਂ ਦੀ ਇਹੋ ਮੰਗ ਹੈ ਕਿ ਅੰਮ੍ਰਿਤਪਾਲ ਬਾਰੇ ਸਰਕਾਰ ਸਥਿਤੀ ਸਾਫ ਕਰੇ ਤੇ ਦੱਸੇ ਕਿ ਉਹ ਕਿਥੇ ਹੈ? ਨੌਜਵਾਨਾਂ ਵਲੋਂ ਸਰਕਾਰ ਨੂੰ ਸਾਫ਼ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਆਪਣੀਆਂ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਇਹ ਸੰਘਰਸ਼ ਹੋਰ ਵੀ ਵੱਡਾ ਰੂਪ ਅਖਤਿਆਰ ਕਰ ਲਵੇਗਾ।

ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿੱਚ ਅੰਮ੍ਰਿਤਪਾਲ ਦੇ ਖਿਲਾਫ ਪੁਲਿਸ ਦੀ ਕਾਰਵਾਈ ਤੋਂ ਬਾਅਦ ਉਸ ਦੇ ਕਈ ਪ੍ਰਸ਼ੰਸਕਾਂ ਵੱਲੋਂ ਪੰਜਾਬ ਭਰ ਵਿੱਚ ਰੋਸ ਮੁਜਾਹਰੇ ਕਰਨ ਦਾ ਸੱਦਾ ਦਿੱਤਾ ਗਿਆ ਸੀ।ਜਿਸ ਦੇ ਤਹਿਤ ਮੁਹਾਲੀ ਜਿਲ੍ਹੇ ਦੇ ਕਸਬੇ ਸੋਹਾਣਾ ਵਿੱਖੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਪਰਸੋਂ ਤੋਂ ਹੀ ਏਅਰਪੋਰਟ ਨੂੰ ਜਾਂਦੀ ਸੜ੍ਹਕ ਨੂੰ ਜਾਮ ਕੀਤਾ ਗਿਆ ਹੈ।ਇਸ ਵੇਲੇ ਇਥੇ ਪੁਲਿਸ ਪ੍ਰਬੰਧ ਵੀ ਵੱਡੇ ਪੱਧਰ ‘ਤੇ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।