India

7 ਸੂਬਿਆਂ ਦੀਆਂ ਜ਼ਿਮਨੀ ਚੋਣਾਂ ’ਚ 13 ਸੀਟਾਂ ਦੇ ਨਤੀਜੇ ਐਲਾਨੇ

ਮੱਧ ਪ੍ਰਦੇਸ਼ ਅਤੇ ਬਿਹਾਰ ਸਮੇਤ 7 ਰਾਜਾਂ ਦੀਆਂ 13 ਸੀਟਾਂ ‘ਤੇ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ ਆ ਗਏ ਹਨ। ਸਾਰੀਆਂ ਸੀਟਾਂ ‘ਤੇ 10 ਜੁਲਾਈ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਿੱਚੋਂ ਕਾਂਗਰਸ ਨੇ 4, ਟੀਐਮਸੀ ਨੇ 4, ਭਾਜਪਾ ਨੂੰ 2, ਆਪ, ਡੀਐਮਕੇ ਅਤੇ ਆਜ਼ਾਦ ਨੇ 1-1 ਜਿੱਤੀ ਹੈ।

ਇਨ੍ਹਾਂ 13 ਸੀਟਾਂ ਵਿੱਚੋਂ ਭਾਜਪਾ ਕੋਲ 3, ਕਾਂਗਰਸ ਕੋਲ 2, ਟੀਐਮਸੀ ਕੋਲ 1, ਜੇਡੀਯੂ 1, ਆਪ 1, ਡੀਐਮਕੇ 1, ਬਸਪਾ 1 ਅਤੇ ਆਜ਼ਾਦ ਉਮੀਦਵਾਰਾਂ ਕੋਲ 3 ਸੀਟਾਂ ਸਨ। ਇਸ ਉਪ ਚੋਣ ਵਿੱਚ ਭਾਜਪਾ ਨੂੰ 2, ਕਾਂਗਰਸ ਨੂੰ 4, ਟੀਐਮਸੀ ਨੂੰ 4, ਜੇਡੀਯੂ ਨੂੰ 0, ਆਪ ਨੂੰ 1, ਡੀਐਮਕੇ ਨੂੰ 1, ਬਸਪਾ ਨੂੰ 0 ਅਤੇ ਆਜ਼ਾਦ ਨੂੰ ਇੱਕ ਸੀਟ ਮਿਲੀ ਹੈ।

ਭਾਵ ਭਾਜਪਾ 1 ਸੀਟ ਗੁਆ ਚੁੱਕੀ ਹੈ ਅਤੇ ਉਸ ਦੀ ਸਹਿਯੋਗੀ ਜੇਡੀਯੂ ਨੂੰ 1 ਸੀਟ ਦਾ ਨੁਕਸਾਨ ਹੋਇਆ ਹੈ। ਕਾਂਗਰਸ ਨੂੰ ਦੋ ਅਤੇ ਟੀਐਮਸੀ ਨੂੰ ਤਿੰਨ ਸੀਟਾਂ ਦਾ ਫਾਇਦਾ ਹੋਇਆ ਹੈ। ਹਿਮਾਚਲ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ 3 ਆਜ਼ਾਦ ਉਮੀਦਵਾਰਾਂ ਵਿੱਚੋਂ ਸਿਰਫ਼ ਇੱਕ ਹੀ ਚੋਣ ਜਿੱਤ ਸਕਿਆ, ਦੋ ਹਾਰ ਗਏ। ਪੰਜਾਬ ਵਿੱਚ ਵੀ ‘ਆਪ’ ਦੇ ਉਮੀਦਵਾਰ ਚੋਣ ਹਾਰ ਗਏ ਹਨ।

ਝਾਰਖ਼ੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਆਪਣੀ ਪਤਨੀ ਕਲਪਨਾ ਸੋਰੇਨ ਨਾਲ ਦਿੱਲੀ ਵਿਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਹੇਮੰਤ ਸੋਰੇਨ ਨੇ ਕਿਹਾ ਕਿ ਇਹ ਇਕ ਨਿੱਜੀ ਮੁਲਾਕਾਤ ਸੀ।

ਹਿਮਾਚਲ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਵਿਚ ਨਾਲਾਗੜ੍ਹ ਤੋਂ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੂੰ 34 ਹਜ਼ਾਰ 608 ਵੋਟਾਂ ਪਈਆਂ।

– ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ ਨੇ ਹਮੀਰਪੁਰ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਉਨ੍ਹਾਂ 27041 ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਡਾ. ਪੁਸ਼ਪਿੰਦਰ ਵਰਮਾ ਨੂੰ 1571 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

ਕਾਂਗਰਸੀ ਉਮੀਦਵਾਰ ਅਤੇ ਆਪਣੀ ਪਤਨੀ ਕਮਲੇਸ਼ ਠਾਕੁਰ ਦੇ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ‘ਦਲ-ਬਦਲ’ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਰਾਜਨੀਤੀ ਦੇ ਭਵਿੱਖ ਨੂੰ ਦਿਸ਼ਾ ਦਿੱਤੀ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ। ਕਾਂਗਰਸ ਨੇ ਦੇਹਰਾ ਵਿਧਾਨ ਸਭਾ ਸੀਟ ’ਤੇ ਆਪਣੇ ਭਾਜਪਾ ਉਮੀਦਵਾਰ ਹੋਸ਼ਿਆਰ ਸਿੰਘ ਨੂੰ 9,399 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣ ਦੌਰਾਨ ਦੇਹਰਾ ਸੀਟ ਤੋਂ ਕਾਂਗਰਸ ਦੀ ਜਿੱਤ ਹੋਈ ਹੈ। ਸੀ.ਐਮ. ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਜਿੱਤ ਗਏ ਹਨ।

ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ਭਾਜਪਾ ਨੇ 3252 ਵੋਟਾਂ ਨਾਲ ਜਿੱਤੀ ਹੈ। ਕਾਂਗਰਸ 17ਵੇਂ ਰਾਊਂਡ ਤੱਕ ਅੱਗੇ ਸੀ। ਆਖਰੀ ਤਿੰਨ ਗੇੜਾਂ ਵਿੱਚ ਟੇਬਲ ਪਲਟ ਗਏ ਅਤੇ ਭਾਜਪਾ ਜਿੱਤ ਗਈ।