India

ਭਾਰਤੀ ਰਿਜ਼ਰਵ ਬੈਂਕ ਵੱਲੋਂ ‘123ਪੇਅ’ ਨਾਂ ਦੀ ਸੇਵਾ ਕੀਤੀ ਗਈ ਜਾਰੀ

‘ਦ ਖ਼ਾਲਸ ਬਿਊਰੋ : ਭਾਰਤੀ ਰਿਜ਼ਰਵ ਬੈਂਕ ਵੱਲੋਂ ਫੀਚਰ ਫੋਨ ਜਾਂ ਆਮ ਮੋਬਾਈਲ ਫੋਨ ਰਾਹੀਂ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਡਿਜੀਟਲ ਅਦਾਇਗੀ ਦੇ ਯੋਗ ਬਣਾਉਣ ਲਈ ਅੱਜ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ,ਜਿਸ ਦਾ ਐਲਾਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤਾ ਹੈ। । ਯੂਪੀਆਈ ‘123ਪੇਅ’ ਨਾਂ ਦੀ ਇਸ ਸੇਵਾ ਰਾਹੀਂ ਉਹ ਲੋਕ ਵੀ ਡਿਜੀਟਲ ਅਦਾਇਗੀ ਕਰ ਸਕਣਗੇ,ਜਿਨ੍ਹਾਂ ਲੋਕਾਂ ਕੋਲ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ। ਇਹ ਸੇਵਾ ਆਮ ਕੀਪੈਡ ਫ਼ੋਨਾਂ ’ਤੇ ਕੰਮ ਕਰੇਗੀ।
ਆਰਬੀਆਈ ਨੇ ਕਿਹਾ ਕਿ ਕੀਪੈਡ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਲਈ ਹੁਣ ਲੈਣ-ਦੇਣ ਸੌਖਾ ਹੋ ਜਾਵੇਗਾ ਕਿਉਂਕਿ ਵਰਤੋਕਾਰ ਚਾਰ ਤਰੀਕਿਆਂ ਨਾਲ ਡਿਜੀਟਲ ਲੈਣ-ਦੇਣ ਕਰ ਸਕਣਗੇ। ਜਿਸ ਵਿੱਚ ਆਈਵੀਆਰ ਨੰਬਰ ’ਤੇ ਕਾਲ, ਡਾਉਨਲੋਡ ਕੀਤੀ ਗਈ ਐਪ, ਮਿਸ ਕਾਲ ਆਧਾਰਿਤ ਅਦਾਇਗੀ ਸ਼ਾਮਲ ਹਨ। ਇਨਾਂ ਹੀ ਨਹੀਂ ,ਇਸ ਨਵੀਂ ਸੇਵਾ ਦੀ ਮਦਦ ਨਾਲ ਦੋਸਤਾਂ ਤੇ ਪਰਿਵਾਰ ਨੂੰ ਅਦਾਇਗੀ ਤੋਂ ਇਲਾਵਾ ਮੋਬਾਈਲ ਤੇ ਹੋਰ ਬਿਲਾਂ ਦਾ ਭੁਗਤਾਨ, ਵਾਹਨਾਂ ਲਈ ਫਾਸਟ ਟੈਗ ਦਾ ਰੀਚਾਰਜ ਵੀ ਹੋ ਸਕੇਗਾ । ਇਸ ਸਹੂਲਤ ਨਾਲ ਬੈਂਕ ਖਾਤੇ ਵਿੱਚ ਬਕਾਇਆ ਰਕਮ ਦਾ ਵੀ ਪਤਾ ਕੀਤਾ ਜਾ ਸਕੇਗਾ ਤੇ
ਬੈਂਕ ਖਾਤਿਆਂ ਦੇ ਲਿੰਕ ਤੇ ਯੂਪੀਆਈ ਪਿੰਨ ਸੈੱਟ ਕੀਤੇ ਜਾਂ ਬਦਲੇ ਜਾ ਸਕਣਗੇ।
ਆਰਬੀਆਈ ਗਵਰਨਰ ਦਾ ਕਹਿਣਾ ਹੈ ਕਿ ਹੁਣ ਤੱਕ ਯੂਪੀਆਈ) ਦੀਆਂ ਸੇਵਾਵਾਂ ਮੁੱਖ ਤੌਰ ’ਤੇ ਸਮਾਰਟਫ਼ੋਨਾਂ ’ਤੇ ਹੀ ਉਪਲਬਧ ਹਨ, ਜਿਸ ਕਾਰਨ ਸਮਾਜ ਦੇ ਹੇਠਲੇ ਤਬਕੇ ਦੇ ਲੋਕ ਤੇ ਕਈ ਬਜ਼ੁਰਗ ਇਨ੍ਹਾਂ ਤੋਂ ਵਾਂਝੇ ਸਨ ਕਿਉਂਕਿ ਇਹਨਾਂ ਲਈ ਇੰਟਰਨੈਟ ਦੀ ਵਰਤੋਂ ਕਰਨਾ ਔਖਾ ਕੰਮ ਲਗਦਾ ਸੀ ਪਰ ਆਰਬੀਆਈ ਦੀ ਇਸ ਪਹਿਲਕਦਮੀ ਨਾਲ ਦੇਸ਼ ਦੇ ਫੀਚਰ ਫੋਨ ਵਰਤੋਂ ਕਰਨ ਵਾਲਿਆਂ ਨੂੰ ਲਾਭ ਮਿਲੇਗਾ ਤੇ ਇਸ ਨਾਲ ਡਿਜੀਟਲ ਲੈਣ-ਦੇਣ ਵੀ ਵੱਧਣ ਦਾ ਅਨੁਮਾਨ ਹੈ।