ਚੰਡੀਗੜ੍ਹ : ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਲੱਗ ਰਹੀ ਹੈ। ਕਈ ਸਾਲਾਂ ਤੋਂ ਹਾਈਕੋਰਟ ‘ਚ ਬੰਦ ਪਈਆਂ ਰਿਪੋਰਟਾਂ ਨੂੰ ਅਦਾਲਤ ਵਿੱਚ ਖੋਲੇ ਜਾਣ ਤੋਂ ਬਾਅਦ ਹੁਣ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲ ਪਹੁੰਚ ਗਈਆਂ ਹਨ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਦਾਅਵਾ ਪੇਸ਼ ਕੀਤਾ ਹੈ।
ਇਸ ਦੀ ਜਾਣਕਾਰੀ ਖੁੱਦ ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕੇ ਦਿੱਤੀ ਹੈ। ਆਪਣੇ ਟਵੀਟ ਵਿੱਚ ਮਾਨ ਨੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਸੰਬੰਧਿਤ ਕਈ ਸਾਲਾਂ ਤੋਂ ਬੰਦ ਪਏ ਲਿਫਾਫਿਆਂ ,ਜਿਹਨਾਂ ਨੂੰ ਮਾਣਯੋਗ ਹਾਈਕੋਰਟ ਦੁਆਰਾ ਖੋਲੇਿਆ ਗਿਆ ਹੈ, ਉਹਨਾਂ ਕੋਲ ਪਹੁੰਚ ਗਏ ਹਨ। ਮਾਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ‘ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿੱਚ ਡਰੱਗ ਨਾਲ ਸੰਬੰਧਿਤ ਕਈ ਸਾਲਾਂ ਤੋਂ ਬੰਦ ਪਏ ਮਾਣਯੋਗ ਹਾਈਕੋਰਟ ਦੁਆਰਾ ਖੋਲੇ ਗਏ 3 ਲਿਫ਼ਾਫ਼ੇ ਮੇਰੇ ਕੋਲ ਪਹੁੰਚ ਗਏ ਹਨ ..ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇਗੀ..
— Bhagwant Mann (@BhagwantMann) April 4, 2023
ਦੱਸਣਯੋਗ ਹੈ ਕਿ ਪੰਜਾਬ ਡਰੱਗ ਮਾਮਲੇ ‘ਚ ਹਾਈ ਕੋਰਟ ਵਿੱਚ 28 ਮਾਰਚ ਨੂੰ ਸੁਣਵਾਈ ਹੋਈ ਹੈ। ਉਸ ਦਿਨ ਅਦਾਲਤ ਨੇ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਚੋਂ 3 ਨੂੰ ਖੋਲਿਆ ਸੀ।ਖੋਲੀਆਂ ਗਈਆਂ ਐਸਆਈਟੀ ਵਾਲੀਆਂ ਰਿਪੋਰਟਾਂ ਦੇ ਆਧਾਰ ‘ਤੇ ਪੰਜਾਬ ਸਰਕਾਰ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ ਅਦਾਲਤ ਨੇ ਜਾਰੀ ਕੀਤੇ ਸਨ।ਹਾਈ ਕੋਰਟ ਦੀ ਬੈਂਚ ਨੇ ਉਸ ਸਮੇਂ ਦੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਅਤੇ ਤਤਕਾਲੀ ਐਸਆਈਟੀ ਮੁਖੀ ਸਿਧਾਰਥ ਚਟੋਪਾਧਿਆਏ ਨੂੰ ਨੋਟਿਸ ਜਾਰੀ ਕੀਤਾ ਸੀ। ਜਦੋਂ ਕਿ ਚੌਥੀ ਰਿਪੋਰਟ ‘ਤੇ ਹਾਲੇ ਕੋਈ ਕਾਰਵਾਈ ਨਹੀਂ ਹੋਈ ਹੈ ਤੇ ਉਸ ਨੂੰ ਸੀਲਬੰਦ ਹੀ ਰੱਖਿਆ ਗਿਆ ਹੈ।
ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਸਮੇਂ ਦੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਅਤੇ ਤਤਕਾਲੀ ਐਸਆਈਟੀ ਮੁਖੀ ਸਿਧਾਰਥ ਚਟੋਪਾਧਿਆਏ ਨੂੰ ਨੋਟਿਸ ਜਾਰੀ ਕੀਤਾ ਸੀ। ਹਾਈ ਕੋਰਟ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਈ ਨੂੰ ਹੋਵੇਗੀ ।