ਫ਼ਰੀਦਕੋਟ : ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਜੰਗਲਾਂ ਹੇਠ ਘੱਟਦੇ ਰਕਬੇ ਖ਼ਿਲਾਫ਼ ਫ਼ਰੀਦਕੋਟ ਡਿਵੀਜ਼ਨ ਦੇ ਵਸਨੀਕਾਂ ਨੂੰ ਇੱਕਠੇ ਕਰਨ ਦੇ ਮਕਸਦ ਨਾਲ ਡਿਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇੱਕ ਸ਼ਰਤ ਲਾਗੂ ਕਰ ਦਿੱਤੀ ਹੈ।
ਸ੍ਰੀ ਚੰਦਰ ਗੈਂਦ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ, ਬਠਿੰਡਾ ਤੇ ਮਾਨਸਾ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣ ਜਾ ਫਿਰ ਪੁਰਾਣੇ ਲਾਇਸੈਂਸ ਨੂੰ ਨਵਿਆਉਣਾ ਚਾਹੁੰਦਾ ਹੈ, ਉਸ ਲਈ ਪੰਜ ਬੂਟੇ ਲਗਾਉਣੇ ਲਾਜ਼ਮੀ ਕੀਤੇ ਜਾਣ।
ਲਾਇਸੈਂਸ ਲੈਣ ਵਾਲੇ ਲਈ ਫਾਈਲ ਵਿੱਚ ਇਨ੍ਹਾਂ ਬੂਟਿਆਂ ਨਾਲ ਆਪਣੀ ਇੱਕ ਸੈਲਫ਼ੀ ਲਗਾਉਣੀ ਵੀ ਲਾਜ਼ਮੀ ਹੋਵੇਗੀ। ਇਸ ਤੋਂ ਬਿਨਾਂ ਇੱਕ ਮਹੀਨੇ ਬਾਅਦ ਪੁਲੀਸ ਵੈਰੀਫਿਕੇਸ਼ਨ ਤੇ ਡੋਪ ਟੈਸਟ ਲਈ ਦਰਖਾਸਤ ਭੇਜਣ ਮੌਕੇ ਵੀ ਬੂਟਿਆਂ ਨਾਲ ਸੈਲਫ਼ੀ ਦੀਆਂ ਤਸਵੀਰਾਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇਲਾਕੇ ਵਿੱਚ ਰੁੱਖਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਤੇ ਜੰਗਲਾਂ ਹੇਠਲਾ ਰਕਬਾ ਵੀ ਵਧੇਗਾ।
ਸ੍ਰੀ ਚੰਦਰ ਗੈਂਦ ਨੇ ਬਿਨੈਕਾਰਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਇਹ ਬੂਟੇ ਆਪਣੀ ਥਾਂ ਨਾ ਹੋਣ ਦੀ ਸੂਰਤ ਵਿੱਚ ਕਿਸੇ ਜਨਤਕ ਥਾਂ ’ਤੇ ਵੀ ਲਗਾਏ ਜਾ ਸਕਦੇ ਹਨ, ਪਰ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਾਇਸੈਂਸ ਧਾਰਕ ਦੀ ਹੋਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਇਹ ਬੂਟੇ ਅਜਿਹੀਆਂ ਕਿਸਮਾਂ ਦੇ ਲਗਾਏ ਜਾਣ, ਜੋ ਕਿ ਪਾਣੀ ਘੱਟ ਲੈਂਦੇ ਹੋਣ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਡਿਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੇ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਜੋਂ ਆਪਣੇ ਕਾਰਜਕਾਲ ਦੌਰਾਨ ਅਜਿਹੇ ਉਪਰਾਲੇ ਕਰ ਕੇ ਵਾਤਾਵਰਨ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਹੈ।