Punjab

ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਦਾ ਰਿਮਾਂਡ ਖ਼ਤਮ! ਅੱਜ ਫਿਰ ਅਦਾਲਤ ’ਚ ਪੇਸ਼ ਕਰੇਗੀ ਜਲੰਧਰ ਪੁਲਿਸ

ਜਲੰਧਰ: ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦਾ ਦੋ ਦਿਨ ਦਾ ਰਿਮਾਂਡ ਕੱਲ੍ਹ ਖ਼ਤਮ ਹੋ ਗਿਆ। ਅੱਜ ਪੁਲਿਸ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ। ਪੁਲਿਸ ਨੇ ਹਰਪ੍ਰੀਤ ਸਿੰਘ ਦਾ ਦਸ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਦੋ ਦਿਨ ਦਾ ਹੀ ਰਿਮਾਂਡ ਦਿੱਤਾ ਹੈ।

ਕੱਲ੍ਹ ਯਾਨੀ ਸ਼ਨੀਵਾਰ ਨੂੰ ਅਦਾਲਤ ਨੇ ਜ਼ਮਾਨਤ ਪਟੀਸ਼ਨ ’ਤੇ ਬਹਿਸ ਲਈ ਅਗਲੀ ਤਰੀਕ ਦਿੱਤੀ ਸੀ। ਪੁਲਿਸ ਨੇ ਅਦਾਲਤ ਨੂੰ ਦਸ ਦਿਨਾਂ ਦੇ ਰਿਮਾਂਡ ਦੀ ਬੇਨਤੀ ਕੀਤੀ ਸੀ ਪਰ ਅਦਾਲਤ ਪੁਲਿਸ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਸੀ ਜਿਸ ਕਾਰਨ ਸਿਰਫ਼ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ। ਨਾਲ ਹੀ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਦੀ ਜ਼ਮਾਨਤ ਪਟੀਸ਼ਨ ’ਤੇ ਬਹਿਸ ਲਈ ਮੰਗਲਵਾਰ ਯਾਨੀ 23 ਜੁਲਾਈ ਦੀ ਤਰੀਕ ਦਿੱਤੀ ਗਈ ਹੈ। ਮੰਗਲਵਾਰ ਨੂੰ ਅਦਾਲਤ ’ਚ ਹੈਪੀ ਦੀ ਜ਼ਮਾਨਤ ’ਤੇ ਬਹਿਸ ਹੋਵੇਗੀ। ਜਿਸ ਤੋਂ ਬਾਅਦ ਅਦਾਲਤ ਅੱਗੇ ਫੈਸਲਾ ਲਵੇਗੀ।

ਫਿਲੌਰ ਪੁਲਿਸ ਨੇ 11 ਜੁਲਾਈ ਦੀ ਸ਼ਾਮ ਨੂੰ ਹਰਪ੍ਰੀਤ ਸਿੰਘ ਨੂੰ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲਿਸ ਨੇ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਵਿੱਚ ਫੌਜਦਾਰੀ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ।

ਇਸ ’ਤੇ ਅੱਜ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਭੇਜ ਦਿੱਤਾ ਹੈ, ਜਿਸ ਤੋਂ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਨੇ ਨਸ਼ਾ ਖਰੀਦਿਆ ਸੀ। ਇਨ੍ਹਾਂ ਵਿਚ ਆਈਸ ਸਪਲਾਇਰ ਸੰਦੀਪ ਅਰੋੜਾ ਅਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਾਰਵਾਹ ਦੇ ਨਾਂ ਸ਼ਾਮਲ ਹਨ।