India Punjab

ਪੰਜਾਬ ਦੀ ਲਗਾਮ ਗੈਰ ਸਿੱਖਾਂ ਹੱਥ

ਦ ਖ਼ਾਲਸ ਬਿਊਰੋ : ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਨੋਦ ਘਈ ਦੀ ਐਡਵੋਕੇਟ ਜਨਰਲ ਵਜੋਂ ਹੋਈ ਨਿਯੁਕਤੀ ‘ਤੇ ਸਵਾਲ ਉਠਾਂਦਿਆਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਨੂੰ ਸਰਕਾਰ ਤੋਂ ਦੂਰ ਰੱਖ ਕੇ ਲਗਾਮ ਗੈਰ ਸਿੱਖਾਂ ਹੱਥ ਫੜਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸੈਂਕੜੇ ਸਿੱਖ ਵਕੀਲ ਅਜਿਹੇ ਹਨ ਜਿਨਾਂ ਨੂੰ ਪੰਜਾਬ ਨਾਲ ਤੇਹ ਹੈ ਅਤੇ ਪੰਜਾਬ ਲਈ ਕੁਝ ਖੱਟ ਕਮਾ ਵੀ ਚੁੱਕੇ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਨੀਆਰਤਾ ਨੂੰ ਅੱਖੋਂ ਪਰੋਖੇ ਕਰਕੇ ਏਜੀ ਦੀ ਨਿਯੁਕਤੀ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਚੀਫ ਸੈਕਟਰੀ ਅਤੇ ਡੀਜੀਪੀ ਦੇ ਅਹੁਦੇ ਤੋਂ ਵੀ ਸਿੱਖਾਂ ਨੂੰ ਜਾਣਬੁੱਝ ਕੇ ਨਹੀਂ ਲਾਇਆ ਜਾ ਰਿਹਾ ਹੈ। ਉਨ੍ਹਾਂ  ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ।

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ

ਉਨ੍ਹਾਂ ਨੇ ਕੇਜਰੀਵਾਲ ਉੱਤੇ ਝੂਠ ਬੋਲ ਕੇ ਪੰਜਾਬ ਤੋਂ ਜ਼ੈਡ ਸਿਕਉਰਟੀ ਲੈਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਅੰਦਰਲੀ ਗੱਲ ਦਾ ਭੇਦ ਸਾਂਝਿਆਂ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਜ਼ੈਡ ਸਿਕਉਰਟੀ ਲੈਣ ਲਈ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਇਕਾਈ ਦੀ ਕਨਵੀਨਰ ਦੱਸਿਆ ਹੈ। ਉਨ੍ਹਾਂ ਨੇ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਨੂੰ ਪੰਜਾਬ ਦੇ ਖਾਤੇ ਚੋਂ ਜ਼ੈਡ ਸਿਕਉਰਟੀ ਦੇਣ ਦਾ ਵੀ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਸਿੰਘ ਮਾਨ ਵਿਧਾਇਕਾਂ ਦੀਆਂ ਪੈਨਸ਼ਨਾਂ ‘ਤੇ ਕੈਂਚੀ ਫੇਰ ਕੇ 19.63 ਕਰੋੜ ਬਚਾਉਣ ਦਾ ਢੰਡੋਰਾ ਪਿੱਟ ਰਹੇ ਹਨ ਦੂਜੇ ਬੰਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਦੀ ਸਿਕਉਰਟੀ ‘ਤੇ ਕਈ ਸੌ ਕਰੋੜ ਖਰਚ ਕੀਤੇ ਜਾਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਉਨ੍ਹਾਂ ਨੇ ਮੁੱਖ ਮੰਤਰੀ ਮਾਨ ‘ਤੇ ਤਿੱਖੀ ਸੂਈ ਧਰਦਿਆਂ ਕਿਹਾ ਕਿ ਉਹ ਬਜਟ ਨੂੰ ਪੇਪਰਲੈਸ ਕਰਕੇ 21 ਲੱਖ ਬਚਾਉਣ ਦਾ ਪ੍ਰਚਾਰ ਕਰਦੇ ਰਹੇ ਹਨ। ਜਦਕਿ ਇਸਦੇ ਪ੍ਰਚਾਰ ਉਤੇ 42 ਲੱਖ ਰੁਪਏ ਉਡਾ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲੇ ਤਿਮਾਹੀ ਵਿੱਚ ਮੁਲਕ ਦੀਆਂ ਅਖ਼ਬਾਰਾਂ ਨੂੰ 50 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ ਹਨ। ਇਹ ਦਾ ਮਤਲਬ ਇਹ ਹੋਇਆ ਕਿ ਆਪ ਦੀ ਸਰਕਾਰ ਇੱਕ ਸਾਲ ਵਿੱਚ ਇਸਤਿਹਾਰਬਾਜ਼ੀ ਉੱਤੇ 200 ਕਰੋੜ ਰੁਪਏ ਖਰਚ ਕਰਿਆ ਕਰੇਗੀ।   

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਕਾਂਗਰਸ ਦੇ ਤੇਜ਼ ਤਰਾਰ ਨੇਤਾ ਖਹਿਰਾ ਨੇ ਭਗਵੰਤ ਮਾਨ ‘ਤੇ ਵਿਅੰਗ ਕਸਦਿਆਂ ਕਿਹਾ ਕਿ ਪਹਿਲੇ ਮੁੱਖ ਮੰਤਰੀਆਂ ‘ਤੇ ਜਹਾਜ਼ ਤੋਂ ਬਿਨਾਂ ਪੈਰ ਨਾ ਪੁੱਟਣ ਦੇ ਮਿਹਣੇ ਮਾਰਨ ਵਾਲਾ ਮੁੱਖ ਮੰਤਰੀ ਆਪ ਵੀ ਉਸੇ ਰਾਹ ਤੁਰ ਪਿਆ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਨੇਤਾ ਸ਼ੁਰੂ ਤੋਂ ਹੀ ਪੰਜਾਬੀਆਂ ਨੂੰ ਸੁਚੇਤ ਕਰਦੇ ਆ ਰਹੇ ਹਨ ਪਰ ਕਦੇ ਕਿਸੇ ਨੇ ਉਨ੍ਹਾਂ ਦੀ ਅਪੀਲ ਵੱਲ਼ ਕੰਨ ਨਹੀਂ ਧਰਿਆ।

ਪੰਜਾਬ ਰਾਜ ਸਭਾ ਮੈਂਬਰ ਰਾਘਵ ਚੱਢਾ