ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂ ਅੱਜ ਜਥੇਦਾਰ ਨੂੰ ਆਪਣਾ ਗੁਨਾਹ ਪੱਤਰ ਦੇਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪਹੁੰਚੇ ਹਨ। ਇਹਨਾਂ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼ਾਮਿਲ ਹਨ, ਉੱਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਕਰਨੈਲ ਸਿੰਘ ਪੰਜੋਲੀ,ਭਾਈ ਮਨਜੀਤ ਸਿੰਘ ਆਦਿ ਬਹੁਤਾਂਤ ਅਕਾਲੀ ਆਗੂ ਇਸ ਵਫਦ ਵਿੱਚ ਸ਼ਾਮਿਲ ਹਨ।
ਬਾਗੀ ਅਕਾਲੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ 2015 ਤੋਂ ਲੈ ਕੇ ਸਮੇਂ-ਸਮੇਂ ਸਿਰ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣੇ, ਬੇਅਦਬੀ ਹੋਣੀ, ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣੀ, ਬਹਿਬਲ ਕਲਾ, ਬਰਗਾੜੀ ਗੋਲੀ ਕਾਂਡ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ 328 ਪਾਵਨ ਸਰੂਪ ਗਾਇਬ ਹੋਣੇ ਆਦਿ ਵਿਸ਼ਿਆਂ ਲਈ ਆਪਣੇ ਆਪ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਮੰਨਦੇ ਹੋਏ ਇਹ ਗੁਨਾਹ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸੋੰਪਣ ਪਹੁੰਚੇ ਹਨ। ਉਨ੍ਹਾਂ ਨੇ ਗਿਆਨੀ ਰਘਬੀਰ ਸਿੰਘ ਨੂੰ ਗੁਨਾਹ ਪੱਤਰ ਸੌਂਪਿਆ।
ਆਕਾਲੀ ਆਗੂਆਂ ਕੋਲੋਂ ਹੋਈਆਂ ਗਲਤੀਆਂ
ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਸੀਂ ਕੁਝ ਕਾਰਨਾਂ ਕਰਕੇ ਕੁਝ ਥਾਵਾਂ ‘ਤੇ ਫੇਲ੍ਹ ਹੋਏ ਸਨ ਅਤੇ ਆਕਾਲੀ ਆਗੂਆਂ ਕੋਲੋਂ ਕੁਝ ਗਲਤੀਆਂ ਵੀ ਹੋਈਆਂ ਸਨ। ਜਿਸ ਕਾਰਨ ਕੌਮ ਦੇ ਵਿੱਚ ਭਾਰੀ ਰੋਸ ਸੀ।
ਲੋਕਾਂ ਨੇ ਅਕਾਲੀ ਦਲ ਤੋਂ ਬਣਾਈ ਦੂਰੀ
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਕੋਲੋਂ ਹੋਈਆਂ ਕੁਝ ਗਲਤੀਆਂ ਕਾਰਨ ਲੋਕਾਂ ਨਾਲ ਅਕਾਲੀ ਦਲ ਕੋਲੋਂ ਦੂਰੀ ਬਣਾ ਲਈ। ਉਨ੍ਹਾਂ ਨੇ ਕਿਹਾ ਕਿ 2022 ਵਿੱਚ ਬਣਾਈ ਧੁੰਦਾ ਕਮੇਟੀ ਦੀ ਰਿਪੋਰਟ ਵਿੱਚ ਵੀ ਕਿਹਾ ਗਿਆ ਸੀ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਸ੍ਰੀ ਅਕਾਲੀ ਤਖ਼ਤ ਸਾਹਿਬ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਪਰ ਪਾਰਟੀ ਪ੍ਰਧਾਨ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਕੁਝ ਅਕਾਲੀ ਲੀਡਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮੁਆਫ਼ੀ ਮੰਗਣ ਦਾ ਫੈਸਲਾ ਕੀਤਾ ਸੀ। ਅਕਾਲੀ ਦਲ ਦੇ ਬਾਗੀਆਂ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਬਾਗੀ ਨਹੀਂ ਹਾਂ ਅਤੇ ਅੱਜ ਵੀ ਪੂਰੀ ਪਾਰਟੀ ਇੱਕ ਹੈ।