Punjab

ਅੱਤ ਦੀ ਗਰਮੀ ਤੋਂ ਮੀਂਹ ਨੇ ਦਿਵਾਈ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ

ਮੁਹਾਲੀ : ਮੰਗਲਵਾਰ ਸਵੇਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ।  ਕਈ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕ ਕਾਫੀ ਪਰੇਸ਼ਾਨ ਸਨ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੋਹਾਲੀ ਅਤੇ ਆਸਪਾਸ ਦੇ ਇਲਾਕਿਆਂ ਤੋਂ ਇਲਾਵਾ ਮਾਲਵਾ ਖੇਤਰ ਵਿੱਚ ਮੀਂਹ ਪਿਆ। ਪੂਰੇ ਪੰਜਾਬ ਵਿੱਚ ਕਿਤੇ ਹਲਕਾ ਜਾਂ ਕਿਤੇ ਭਾਰੀ ਮੀਂਹ ਪਿਆ ਹੈ। ਮੀਂਹ ਪੈਣ ਨਾਲ ਦੇ ਨਾਲ ਜਿੱਥੇ ਲੋਕਾਂ ਦੇ ਚਿਹਰੇ ਖਿੜ ਗਏ, ਉੱਥੇ ਹੀ ਕਿਸਾਨ ਵੀ ਬੇਹੱਦ ਖੁਸ਼ੀ ਵਿਖਾਈ ਦਿੱਤੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਤੋਂ 4 ਦਿਨ ਇਹੀ ਹਾਲਾਤ ਰਹਿਣ ਵਾਲੇ ਹਨ।

ਜਾਣਕਾਰੀ ਮੁਤਾਬਕ ਫ਼ਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ, ਰੋਪੜ ਭਾਰੀ ਮੀਂਹ ਪਿਆ ਹੈ। ਪਿਛਲੇ ਦਿਨਾਂ ਵਿੱਚ ਲੁਧਿਆਣਾ ਵਿੱਚ ਕਰੀਬ 47 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ ਦੋ ਦਿਨ ਪਹਿਲਾਂ ਮੀਂਹ ਪਿਆ। ਜਦੋਂ ਕਿ ਜ਼ਿਆਦਾਤਰ ਜ਼ਿਲ੍ਹੇ ਮੀਂਹ ਨੂੰ ਤਰਸ ਰਹੇ ਹਨ। ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ਆਮ ਵਾਂਗ ਹੋ ਗਿਆ ਹੈ ਪਰ ਨਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

7 ਜ਼ਿਲਿਆਂ ‘ਚ ਯੈਲੋ ਅਲਰਟ, 7 ‘ਚ ਆਰੇਂਜ ਅਲਰਟ

ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ.ਨਗਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਸਾਰੇ 14 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।