ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਸ਼੍ਰੇਣੀ ਦੇ ਅੰਗਰੇਜ਼ੀ ਵਿਸ਼ੇ ਦੀ ਮੁਲਤਵੀ ਕੀਤੀ ਪ੍ਰੀਖਿਆ ਲੈਣ ਲਈ ਹੁਣ ਨਵੀਂ ਤਰੀਕ ਜਾਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਵੀ ਸੋਧ ਕੀਤੀ ਗਈ ਹੈ। ਜਿਸ ਅਨੁਸਾਰ 24 ਫਰਵਰੀ ਨੂੰ ਹੋਣ ਵਾਲੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੁਣ 24 ਮਾਰਚ ਨੂੰ ਪਹਿਲਾਂ ਨਿਰਧਾਰਿਤ ਸਮੇਂ ’ਤੇ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬਾਰ੍ਹਵੀਂ ਸ਼੍ਰੇਣੀ ਦੀ ਗੁਰਮਤਿ ਸੰਗੀਤ ਵਿਸ਼ੇ ਦੀ ਪ੍ਰੀਖਿਆ ਵੀ ਹੁਣ ਪਹਿਲਾਂ ਨਿਰਧਾਰਿਤ ਮਿਤੀ ਦੀ ਥਾਂ 24 ਅਪਰੈਲ ਨੂੰ ਹੀ ਹੋਵੇਗੀ। ਪ੍ਰੀਖਿਆਵਾਂ ਸਬੰਧੀ ਜਾਣਕਾਰੀ ਸਕੂਲ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਮੁਹੱਈਆ ਕੀਤੀ ਗਈ ਹੈ। ਦਫ਼ਤਰ ਦੇ ਨੰਬਰ 0172-5227333 ਉੱਤੇ ਵੀ ਕਿਸੇ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਫਰਵਰੀ ਨੂੰ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਸੀ ਪਰ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਘੰਟੇ ਪਹਿਲਾਂ ਹੀ ਇਸ ਨੂੰ ਰੱਦ ਕਰਨਾ ਪਿਆ ਸੀ ਕਿਉਂਕਿ ਇਹ ਖ਼ਬਰ ਸਾਹਮਣੇ ਆਈ ਸੀ ਕਿ ਅੰਗਰੇਜੀ ਦਾ ਪੇਪਰ ਪਹਿਲਾਂ ਹੀ ਲੀਕ ਹੋ ਗਿਆ ਸੀ । ਜਿਸ ਦੀ ਜਾਂਚ ਕਰਨ ਦੇ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੁਕਮ ਜਾਰੀ ਕੀਤੇ ਸਨ। ਪੇਪਰਾਂ ਲੀਕ ਨਾ ਹੋਣ,ਇਸ ਦੇ ਲਈ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ।
ਪੰਜਾਬ ਸਰਕਾਰ ਨੇ ਸਾਰੇ ਕੰਟਰੋਲਸ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੈਂਕ ਦੇ ਪ੍ਰਸ਼ਨ ਪੱਤਰਾਂ ਦੇ ਸੀਲ ਬੰਦ ਪੈਕੇਟਾਂ ਨੂੰ ਸੁਰੱਖਿਅਤ ਕਰਨ ਲਈ ਬੈਂਕ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸੈਂਟਰਾਂ ਦੇ ਕੰਟਰੋਲਰ ਅਤੇ ਡਿਉਟੀ ‘ਤੇ ਬੈਂਕ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ । ਇਹ ਵੀ ਨਿਰਦੇਸ਼ ਦਿੱਤੇ ਗਏ ਸਨ ਕਿ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਤੋਂ ਪਹਿਲਾਂ ਲਿਫਾਫੇ ਨਾ ਖੋਲੇ ਜਾਣ । ਜੇਕਰ ਕਿਸੇ ਕੇਂਦਰ ਦੇ ਪਸ਼ਨ ਪੱਤਰ ਖੋਲੇ ਜਾ ਰਹੇ ਹਨ ਤਾਂ ਉਸ ਦੇ ਬਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੰਟਰੋਲਰ ਨੂੰ ਦੱਸਿਆ ਜਾਵੇ । ਇਹ ਵੀ ਹਦਾਇਤਾਂ ਸਨ ਕਿ ਅਧਿਕਾਰੀ ਨੇ ਪੇਪਰ ਕਦੋਂ ਖੋਲਿਆ,ਉਸ ਦੀ ਪੂਰੀ ਡਿਟੇਲ ਦੇਣੀ ਹੋਵੇਗੀ ।