Punjab

ਪੰਜਾਬ ਸਰਕਾਰ ਨੇ ‘ਦ ਖ਼ਾਲਸ ਟੀਵੀ ਦੀ ਖ਼ਬਰ ਦਾ ਲਿਆ ਨੋਟਿਸ

‘ਦ ਖ਼ਾਲਸ ਬਿਊਰੋ :ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫ਼ਤਰ ਅੱਗੇ ਚਲ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਨੂੰ ‘ਦ ਖਾਲਸ ਟੀਵੀ ਵਲੋਂ ਪ੍ਰਮੁਖਤਾ ਨਾਲ ਉਭਾਰਿਆ ਜਾ ਰਿਹਾ ਹੈ।ਦੋ ਦਿਨ ਪਹਿਲਾਂ ਪ੍ਰਾਈਮ ਟਾਈਮ ਸ਼ੋਅ ਵਿੱਚ ਗੰਭੀਰਤਾ ਨਾਲ ਮਾਮਲੇ ਨੂੰ ਉਜਾਗਰ ਕਰਨ ਤੋਂ ਬਾਦ ਪੰਜਾਬ ਸਰਕਾਰ ਦੀ ਅੱਖ ਖੁੱਲ ਗਈ ਹੈ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਕੂਲਾਂ ਤੇ ਕਾਲਜਾਂ ਵਿੱਚ ਪੜਾਈਆਂ ਜਾਣ ਵਾਲੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਛੱਪੀ ਗਲਤ ਸ਼ਬਦਾਵਲੀ ਦੇ ਮਾਮਲੇ ‘ਚ ਉੱਠੇ ਇਤਰਾਜ਼ਾਂ ਬਾਰੇ ਸਖ਼ਤੀ ਦਿਖਾਈ ਹੈ ਤੇ ਇਸ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਂਚ ਕਰਵਾਈ ਜਾ ਰਹੀ ਹੈ ਜਿਸ ਦੀ ਰਿਪੋਰਟ 5 ਮਾਰਚ ਤੱਕ ਆ ਜਾਵੇਗੀ।

ਪਰਗਟ ਸਿੰਘ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੇ ਤੱਥਾਂ ਨਾਲ ਛੇੜਛਾੜ ਜਾਂ ਤੋੜ ਮਰੋੜ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਪਾਏ ਗਏ ਵਿਅਕਤੀਆਂ ਤੇ  ਅਧਿਕਾਰੀਆਂ  ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।