Punjab

ਲੋਕਾਂ ਦੇ ਰੋਹ ਅੱਗੇ ਝੁਕੀ ਪੰਜਾਬ ਸਰਕਾਰ

ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਲੋਕ ਰੋਹ ਅੱਗੇ ਝੁਕ ਗਈ ਹੈ। ਮੱਤੇਵਾੜਾ ਜੰਗਲਾਂ ਪ੍ਰਤੀ ਲੋਕਾਂ ਦਾ ਹੇਜ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰੋਜੈਕਟ ਰੱਦ ਕਰਨ ਦਾ ਫੈਸਲਾ ਲੈਣਾ ਪੈ ਗਿਆ ਹੈ।

ਪੰਜਾਬ ਸਰਕਾਰ ਮੱਤੇਵਾੜਾ ਜੰਗਲ ਕੱਟ ਕੇ ਉੱਥੇ ਟੈਕਸਟਾਈਲ ਪਾਰਕ ਬਣਾਉਣ ਦੀ ਯੋਜਨਾ ਤੋਂ ਪਿੱਛੇ ਹਟ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਾਲ ਅੱਜ ਕੀਤੀ ਇੱਕ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਹੈ। ਮਾਨ ਨੇ ਕਿਹਾ ਕਿ ਹੁਣ ਮੱਤੇਵਾੜਾ ਜੰਗਲ ਦੀ ਬਜਾਏ ਕਿਸੇ ਹੋਰ ਸਥਾਨ ਉੱਤੇ ਟੈਕਸਟਾਈਲ ਪਾਰਕ ਬਣਾਈ ਜਾਵੇਗੀ।

ਆਮ ਆਦਮੀ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

ਕੱਲ੍ਹ ਮੱਤੇਵਾੜਾ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਬਹੁਤ ਵੱਡਾ ਇਕੱਠ ਹੋਇਆ ਸੀ। ਇਸ ਇਕੱਠ ਵਿੱਚ ਵਾਤਾਵਰਣ ਪ੍ਰੇਮੀਆਂ ਸਮੇਤ ਕਿਸਾਨ, ਰਾਜਨੀਤਿਕ ਲੀਡਰ, ਸਮਾਜਿਕ ਕਾਰਕੁੰਨ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਆਮ ਲੋਕ ਸ਼ਾਮਿਲ ਹੋਏ।

ਵੱਖ ਵੱਖ ਲੀਡਰਾਂ ਅਤੇ ਸਮਾਜਿਕ ਕਾਰਕੁੰਨਾਂ ਵੱਲੋਂ ਵੱਡੀਆਂ ਵੱਡੀਆਂ ਤਕਰੀਰਾਂ ਕੀਤੀਆਂ ਗਈਆਂ ਅਤੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਲੈ ਲਿਆ ਹੈ।

ਪਬਲਿਕ ਐਕਸ਼ਨ ਕਮੇਟੀ ਦੇ ਸੱਦੇ ਉੱਤੇ ਪਹੁੰਚੇ ਲੋਕਾਂ ਅਤੇ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਇਹ ਪ੍ਰੋਜੈਕਟ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਸੀ। ਐਕਸ਼ਨ ਕਮੇਟੀ ਵਿੱਚ ਸੇਖੋਵਾਲ ਪਿੰਡ ਦੇ ਵਾਸੀ ਅਤੇ ਕਈ ਵਾਤਾਵਰਣ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹਨ।

ਖਾਲਸਾ ਏਡ ਦੀ ਟੀਮ ਵੱਲੋਂ ਕੱਲ੍ਹ ਸੰਘਰਸ਼ ਵਿੱਚ ਸ਼ਾਮਿਲ ਹੋਏ ਲੋਕਾਂ ਦੀ ਲੰਗਰ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਗਈ। ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਵੀ ਹੱਥਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਵਾਲੇ ਪੋਸਟਰ ਫੜ ਕੇ ਆਪਣਾ ਅਹਿਮ ਰੋਲ ਨਿਭਾਇਆ।