‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਵਿਧਾਇਕਾਂ ਦੀ ਪੈਨਸ਼ਨ ਫਾਰਮੂਲੇ ਵਿੱਚ ਬਦਲਾਅ ਕੀਤਾ ਗਿਆ ਹੈ। ਵਿਧਾਇਕਾਂ ਨੂੰ ਸਿਰਫ਼ ਇੱਕ ਵਾਰ ਦੀ ਪੈਨਸ਼ਨ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਧਾਇਕ ਭਾਵੇਂ ਪੰਜ ਵਾਰ ਜਿੱਤੇ, ਸੱਤ ਵਾਰ ਜਿੱਤੇ ਪਰ ਉਹਨੂੰ ਪੈਨਸ਼ਨ ਸਿਰਫ਼ ਇੱਕ ਟਰਮ ਦੀ ਹੀ ਮਿਲੇਗੀ। ਮਾਨ ਨੇ ਕਿਹਾ ਕਿ ਪੈਨਸ਼ਨਾਂ ਘਟਾਉਣ ਨਾਲ ਜੋ ਕਰੋੜਾਂ ਰੁਪਏ ਬਚਣਗੇ, ਉਸਨੂੰ ਲੋਕਾਂ ਦੀ ਭਲਾਈ ਵਾਸਤੇ ਵਰਤਿਆ ਜਾਵੇਗਾ। ਇਨ੍ਹਾਂ ਵਿਧਾਇਕਾਂ ਦੀਆਂ ਫੈਮਿਲੀ ਪੈਨਸ਼ਨਾਂ ਵੀ ਬਹੁਤ ਜ਼ਿਆਦਾ ਹਨ, ਇਸ ਲ਼ਈ ਉਨ੍ਹਾਂ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਅਫ਼ਸਰਾਂ ਨੂੰ ਇਸ ਸਬੰਧੀ ਲੋੜੀਂਦੇ ਹੁਕਮ ਦੇ ਦਿੱਤੇ ਗਏ ਹਨ। ਬੇਰੁਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਹੈ, ਸਾਡੇ ਨੌਜਾਨ ਡਿਗਰੀਆਂ ਲੈ ਕੇ ਘਰਾਂ ਨੂੰ ਪਰਤ ਜਾਂਦੇ ਹਨ। ਸਾਡੇ ਰਾਜਨੀਤਿਕ ਲੋਕ ਹੱਥ ਬੰਨ੍ਹ ਕੇ ਲੋਕਾਂ ਤੋਂ ਵੋਟਾਂ ਮੰਗਦੇ ਹਨ ਕਿ ਸੇਵਾ ਦਾ ਮੌਕਾ ਦਿਉ। ਬਹੁਤ ਸਾਰੇ ਵਿਧਾਇਕਾਂ ਨੂੰ ਪ੍ਰਤੀ ਮਹੀਨਾ ਲੱਖਾਂ ਰੁਪਏ ਪੈਨਸ਼ਨ ਮਿਲਦੀ ਹੈ, ਕਿਸੇ ਨੂੰ ਸਾਢੇ ਤਿੰਨ ਲੱਖ, ਕਿਸੇ ਨੂੰ ਸਾਢੇ ਚਾਰ ਲੱਖ, ਕਿਸੇ ਨੂੰ ਸਵਾ ਪੰਜ ਲੱਖ ਰੁਪਏ ਦੀ ਪੈਨਸ਼ਨ ਮਿਲਦੀ ਹੈ, ਜਿਸ ਕਰਕੇ ਖ਼ਜ਼ਾਨੇ ਉੱਤੇ ਕਰੋੜਾਂ ਰੁਪਏ ਦਾ ਬੋਝ ਪੈਂਦਾ ਹੈ। ਕਈ ਸੰਸਦ ਮੈਂਬਰ ਇਹੋ ਜਿਹੇ ਹਨ ਜੋ ਸੰਸਦ ਮੈਂਬਰ ਵਜੋਂ ਵੀ ਪੈਨਸ਼ਨ ਲੈ ਰਹੇ ਹਨ ਅਤੇ ਵਿਧਾਇਕ ਵਜੋਂ ਵੀ ਪੈਨਸ਼ਨ ਲੈ ਰਹੇ ਹਨ।