Punjab

ਪੰਜਾਬ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਅਨਾਜ ਭੰਡਾਰਾਂ ਵਿੱਚ ਰੁਲ ਰਹੀ ਕਣਕ ਵੱਲ ਵੀ ਦਿੱਤਾ ਧਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਣਕਾਂ ਦੀ ਵਾਢੀ ਦਾ ਸਮਾਂ ਆ ਗਿਆ ਹੈ ਅਤੇ ਦਿੱਲੀ ਧਰਨੇ ‘ਤੇ ਗਏ ਕਿਸਾਨ ਆਪਣੀਆਂ ਫਸਲਾਂ ਸਾਂਭਣ ਲਈ ਆਪਣੇ ਘਰਾਂ ਨੂੰ ਵਾਪਿਸ ਆ ਰਹੇ ਹਨ ਪਰ ਇਸਦੇ ਨਾਲ ਹੀ ਵਾਢੀ ਦੇ ਸਮੇਂ ਦੌਰਾਨ ਕਿਸਾਨੀ ਧਰਨੇ ਨੂੰ ਹੋਰ ਮਜ਼ਬੂਤ ਕਰਨ ਕਿਸਾਨ ਲੀਡਰਾਂ ਵੱਲੋਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਗੋਦਾਮਾਂ ਵਿੱਚ ਪੁਰਾਣੇ ਅਨਾਜ ਦੇ ਵੇਰਵੇ ਦੇਣ ਲਈ ਇੱਕ ਪੱਤਰ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ 10 ਅਪ੍ਰੈਲ ਤੋਂ ਕਣਕ ਦੀ ਖਰੀਦ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੁੱਢਲੇ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਹਨ।

ਜਾਣਕਾਰੀ ਮੁਤਾਬਕ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਅਨਾਜ ਦੇ ਵੱਡੇ ਭੰਡਾਰਾਂ ਵਿੱਚ ਅਜੇ ਵੀ ਕਣਕ ਰੁਲ ਰਹੀ ਹੈ। ਪੰਜਾਬ ਸਰਕਾਰ ਨੇ ਪੁਰਾਣੇ ਅਨਾਜ ਨਾਲ ਭਰੇ ਇਨ੍ਹਾਂ ਗੋਦਾਮਾਂ ਨੂੰ ਖਾਲੀ ਕਰਵਾਉਣ ਲਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਨਾਲ ਪੁਰਾਣਾ ਅਨਾਜ ਸਰਕਾਰ ਲਈ ਨਵੀਂ ਸਮੱਸਿਆ ਖੜ੍ਹੀ ਕਰ ਸਕਦਾ ਹੈ। ਹਾਲਾਂਕਿ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ’ਤੇ ਇਨ੍ਹਾਂ ਗੋਦਾਮਾਂ ਨੂੰ ਖਾਲੀ ਕਰਵਾਉਣ ਲਈ ਦਬਾਅ ਪਾਇਆ ਸੀ, ਜੋ ਕੰਮ ਨਹੀਂ ਆਇਆ।

ਵੱਖ-ਵੱਖ ਖਰੀਦ ਏਜੰਸੀਆਂ ਅਨੁਸਾਰ ਮਾਲਵੇ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਬਣੇ ਓਪਨ ਗੋਦਾਮਾਂ (ਪਲੰਥ) ਅਤੇ ਕਵਰਡ ਗੋਦਾਮਾਂ ਵਿੱਚੋਂ ਪੁਰਾਣੀ ਕਣਕ ਨੂੰ ਕੱਢਣ ਲਈ ਅਜੇ ਤੱਕ ਕੋਈ ਵਿਭਾਗੀ ਚਾਰਾਜੋਈ ਨਹੀਂ ਹੋਈ, ਜਦਕਿ ਇਨ੍ਹਾਂ ਗੁਦਾਮਾਂ ਵਿੱਚ ਪਈ ਕਣਕ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਪਾਸੋਂ ਬਕਾਇਦਾ ਰੂਪ ’ਚ ਮੰਗਵਾਈ ਹੋਈ ਹੈ। ਇਹ ਪੁਰਾਣੀ ਕਣਕ ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚਲੇ ਖੁੱਲ੍ਹੇ ਅਨਾਜ ਭੰਡਾਰਾਂ ਵਿੱਚ ਪਈ ਹੈ।

ਸੂਤਰਾਂ ਦੀ ਜਾਣਕਾਰੀ ਮੁਤਾਬਕ ਇਸ ਖੇਤਰ ਵਿੱਚ ਮਾਰਕਫੈੱਡ, ਵੇਅਰ ਹਾਊਸ ਅਤੇ ਐੱਫਸੀਆਈ ਤੋਂ ਇਲਾਵਾ ਪਨਗਰੇਨ, ਪਨਸਪ ਅਤੇ ਪੰਜਾਬ ਐਗਰੋ ਵੱਲੋਂ ਖਰੀਦੇ ਅਨਾਜ ਦੇ ਭੰਡਾਰ ਅਜੇ ਵੀ ਕਣਕ ਨਾਲ ਭਰੇ ਪਏ ਹਨ। ਮਾਨਸਾ ਜ਼ਿਲ੍ਹੇ ਵਿੱਚ ਦੋ-ਦੋ ਸਾਲ ਤੋਂ ਪੁਰਾਣਾ ਮਾਲ ਪਿਆ ਹੈ, ਜਿਸ ਨੂੰ ਚੁੱਕਣ ਲਈ ਏਜੰਸੀਆਂ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਏਜੰਸੀਆਂ ਨਾਲ ਜੁੜੇ ਅਫ਼ਸਰ ਇਸ ਕਣਕ ਨੂੰ ਜੂਨ-ਜੁਲਾਈ ਦੇ ਮਹੀਨੇ, ਜਦੋਂ ਮੀਂਹ ਪੈਣੇ ਸ਼ੁਰੂ ਹੁੰਦੇ ਹਨ, ਉਦੋਂ ਹੀ ਕਢਵਾਉਣ ਦਾ ਉਪਰਾਲਾ ਕਰ ਰਹੇ ਹਨ ਕਿਉਂਕਿ ਉਦੋਂ ਕਣਕ ਗਿੱਲੀ ਹੋ ਕੇ ਭਾਰੀ ਹੋ ਜਾਂਦੀ ਹੈ, ਜਿਸ ਨਾਲ ਉਹ ਵਜ਼ਨ ਵਿੱਚ ਵਾਧਾ-ਘਾਟਾ ਕਰਕੇ ਇਸ ਨੂੰ ਧੱਕ ਦਿੰਦੇ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਭੰਡਾਰਾਂ ਬਾਰੇ ਮੰਗੀ ਗਈ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਕਣਕ ਦੀ ਖਰੀਦ ਲਈ ਗੰਭੀਰ ਹੋ ਗਿਆ ਹੈ ਅਤੇ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।