Punjab

ਪੇਸ਼ੀ ‘ਤੇ ਆਇਆ ਕੈਦੀ ਪੁਲਿਸ ਨੂੰ ਧੱਕਾ ਦੇ ਕੇ ਹੋਇਆ ਫਰਾਰ, ਭਾਲ ਵਿਚ ਜੁਟੀ ਪੁਲਿਸ

ਜਲੰਧਰ ‘ਚ ਪੇਸ਼ੀ ਦੌਰਾਨ ਆਇਆ ਇੱਕ ਮੁਲਜ਼ਮ ਪੁਲਿਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ।  ਇਹ ਘਟਨਾ ਜਲੰਧਰ ਜ਼ਿਲ੍ਹਾ ਅਦਾਲਤ ਦੇ ਬਾਹਰ ਦੀ ਹੈ ਜਿਥੇ ਦੋਸ਼ੀ ਕਾਰ ਵਿਚ ਬੈਠੇ ਸਮੇਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਜਲੰਧਰ ਸਿਟੀ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਮੁਲਜ਼ਮ ਨਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਾਂਗੇਕੀ, ਕਰਤਾਰਪੁਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 224 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਭਾਲ ਜਾਰੀ ਹੈ, ਟੀਮਾਂ ਕਰਤਾਰਪੁਰ ਅਤੇ ਹੋਰ ਹਿੱਸਿਆਂ ‘ਚ ਛਾਪੇਮਾਰੀ ਲਈ ਰਵਾਨਾ ਹੋ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 8 ਦੇ ਫੋਕਲ ਪੁਆਇੰਟ ਵਿੱਚ ਤਾਇਨਾਤ ਏਐਸਆਈ ਰਾਜਪਾਲ ਚੋਰੀ ਦੇ ਮੁਲਜ਼ਮ ਨਵਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਆਏ ਹੋਏ ਸਨ। ਜਦੋਂ ਉਹ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਸਰਕਾਰੀ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਅਦਾਲਤ ਵਿੱਚੋਂ ਫ਼ਰਾਰ ਹੋ ਗਿਆ।

ਮੁਲਜ਼ਮ ਅਦਾਲਤ ਤੋਂ ਬੀਐਮਸੀ ਚੌਕ ਵੱਲ ਭੱਜ ਗਿਆ, ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਫਿਰ ਮਾਮਲੇ ਦੀ ਸੂਚਨਾ ਤੁਰੰਤ ਪ੍ਰਭਾਵ ਨਾਲ ਇਲਾਕਾ ਥਾਣੇਦਾਰ ਨੂੰ ਦਿਤੀ ਗਈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇ ਦਿਤੀ ਹੈ।

ਇਸ ਸਬੰਧੀ ਥਾਣਾ ਫੋਕਲ ਪੁਆਇੰਟ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਮੁਲਜ਼ਮ ਦੀ ਭਾਲ ਜਾਰੀ ਹੈ। ਮੁਲਜ਼ਮ ਏਐਸਆਈ ਰਾਜਪਾਲ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ ਹੈ। ਮੁਲਜ਼ਮ ਖ਼ਿਲਾਫ਼ ਉਨ੍ਹਾਂ ਦੇ ਥਾਣੇ ਵਿੱਚ ਆਈਪੀਸੀ ਦੀ ਧਾਰਾ 379 ਅਤੇ 411 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਵਿਚ ਨਵਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।.