ਗੁਜਰਾਤ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਹਾਦਸਾ ਘਟਨਾ ‘ਤੇ ਗਹਿਰੀ ਸੰਵੇਦਨਾ ਜਤਾਈ ਹੈ । ਪ੍ਰਧਾਨ ਮੰਤਰੀ ਗੁਜਰਾਤ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਹਨਾਂ ਕਿਹਾ ਕਿ ਮੈਂ ਇੱਥੇ ਏਕਤਾ ਨਗਰ ਵਿੱਚ ਹਾਂ ਪਰ ਮੇਰਾ ਮਨ ਮੋਰਬੀ ਦੇ ਪੀੜਤਾਂ ਨਾਲ ਜੁੜਿਆ ਹੋਇਆ ਹੈ। ਮੈਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ,ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਈ ਹੈ। ਸਰਕਾਰ ਹਰ ਤਰ੍ਹਾਂ ਨਾਲ ਪੀੜ੍ਹਤ ਪਰਿਵਾਰਾਂ ਦੇ ਨਾਲ ਹੈ।
ਗੁਜਰਾਤ ਸਰਕਾਰ ਬੀਤੀ ਸ਼ਾਮ ਤੋਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਗੁਜਰਾਤ ਸਰਕਾਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਐਨਡੀਆਰਐਫ ਅਤੇ ਫੌਜ ਤਾਇਨਾਤ ਹੈ ਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ।
ਗੁਜਰਾਤ ਦੇ ਕੇਵੜੀਆ ਵਿੱਚ ਸਟੈਚੂ ਆਫ ਯੂਨਿਟੀ ਵਿਖੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਰਾਸ਼ਟਰੀ ਏਕਤਾ ਦਿਵਸ ਸਾਨੂੰ ਦੁੱਖ ਦੀ ਇਸ ਘੜੀ ਵਿੱਚ ਇੱਕਜੁੱਟ ਹੋਣ ਅਤੇ ਆਪਣੇ ਫਰਜ਼ ਮਾਰਗ ‘ਤੇ ਬਣੇ ਰਹਿਣ ਲਈ ਪ੍ਰੇਰਣਾ ਦੇ ਰਿਹਾ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੋਰਬੀ ਪਹੁੰਚ ਗਏ। ਜਾਂਚ ਲਈ ਕਮੇਟੀ ਬਣਾਈ ਗਈ ਹੈ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਐਨਡੀਆਰਐਫ, ਸੈਨਾ ਅਤੇ ਹਵਾਈ ਸੈਨਾ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।
ਬੀਤੀ ਸ਼ਾਮ ਗੁਜਰਾਤ ਦੇ ਮੋਰਬੀ ਸ਼ਹਿਰ ‘ਚ ਮੱਛੂ ਨਦੀ ‘ਤੇ ਬਣਿਆ ਕੇਬਲ ਪੁਲ ਟੁੱਟ ਗਿਆ ਸੀ । ਇਸ ਪੁਲ ‘ਤੇ 500 ਲੋਕ ਸਵਾਰ ਸਨ। ਤਕਰੀਬਨ 150 ਸਾਲ ਪੁਰਾਣੇ ਇਸ ਪੁਲ ‘ਤੇ ਹਾਦਸਾ ਵਾਪਰਨ ਵੇਲੇ ਕਈ ਲੋਕ ਛੱਠ ਪੂਜਾ ਕਰ ਰਹੇ ਸਨ। ਇਸ ਹਾਦਸੇ ਵਿੱਚ ਹੁਣ ਤੱਕ 141 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।