ਚੰਡੀਗੜ੍ਹ : ਪੰਜਾਬ ਦੀ ਆਪ ਸਰਕਾਰ ਨੇ ਸੂਬੇ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਕਰ ਦਿੱਤੀ ਹੈ,ਜਿਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ । ਬੀਤੇ ਕੱਲ ਤੋਂ ਪੰਜਾਬ ’ਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀ ਕੀਮਤ ’ਚ ਵਾਧਾ ਹੋ ਗਿਆ ਹੈ। ਸ਼ਰਾਬ ਦੇ ਸ਼ੌਕੀਨਾਂ ਲਈ ਇਹ ਗੱਲ ਨਾਗਵਾਰ ਹੋ ਸਕਦੀ ਹੈ ਕਿ ਅੱਜ ਤੋਂ ਦੇਸੀ ਸ਼ਰਾਬ ਦੀ ਬੋਤਲ ਅੱਠ ਰੁਪਏ ਤੱਕ ਮਹਿੰਗੀ ਜਦੋਂਕਿ ਅੰਗਰੇਜ਼ੀ ਸ਼ਰਾਬ ਦੀ ਕੀਮਤ 20 ਰੁਪਏ ਤੱਕ ਪ੍ਰਤੀ ਬੋਤਲ ਕੀਮਤ ਵੱਧ ਭਾਅ ’ਤੇ ਮਿਲਣ ਦੀ ਸੰਭਾਵਨਾ ਹੈ। ਹਰ ਕੰਪਨੀ ਦੀ ਸ਼ਰਾਬ ਦੀ ਕੀਮਤ ਵਿਚ ਅਲੱਗ-ਅਲੱਗ ਤਰ੍ਹਾਂ ਦਾ ਵਾਧਾ ਹੋਵੇਗਾ। ਬੀਅਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਆਬਕਾਰੀ ਮਹਿਕਮੇ ਵੱਲੋਂ ਐਤਕੀਂ ਵਿਦੇਸ਼ੀ ਸ਼ਰਾਬ ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ।
ਆਬਕਾਰੀ ਮਹਿਕਮੇ ਵੱਲੋਂ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਐਕਸ ਡਿਸਟਿਲਰੀ ਕੀਮਤ ਵਿਚ 1.9 ਫ਼ੀਸਦੀ ਦੇ ਵਾਧੇ ਨੂੰ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਸਾਰੇ ਠੇਕਿਆਂ ਦੀ ਨਿਲਾਮੀ ਕਰ ਕੇ 7,989 ਕਰੋੜ ਦੀ ਰਾਖਵੀਂ ਕੀਮਤ ਦੇ ਮੁਕਾਬਲੇ 8,007 ਕਰੋੜ ਰੁਪਏ ਕਮਾਏ ਹਨ। ਵਰ੍ਹਾ 2023-24 ਲਈ ਆਬਕਾਰੀ ਤੋਂ 9,745 ਕਰੋੜ ਰੁਪਏ ਦਾ ਟੀਚਾ ਮਿਥਿਆ ਗਿਆ ਹੈ। ਪੰਜਾਬ ਸਰਕਾਰ ਨੇ 171 ਗਰੁੱਪਾਂ ਦੀ ਨਿਲਾਮੀ ਮੁਕੰਮਲ ਕਰ ਲਈ ਹੈ ਜਿਸ ਵਿੱਚੋਂ ਕਰੀਬ 70 ਫ਼ੀਸਦੀ ਗਰੁੱਪਾਂ ਦਾ ਕੰਮ ਪੁਰਾਣੇ ਕਾਰੋਬਾਰੀਆਂ ਨੂੰ ਹੀ ਰੀਨਿਊ ਕੀਤਾ ਗਿਆ ਹੈ। ਰੀਨਿਊ ਕੀਤੇ ਗਰੁੱਪਾਂ ਵਿਚ ਤਿੰਨ ਸਲੈਬ ਬਣਾਏ ਗਏ ਸਨ। ਜਿੱਥੇ ਕਿਤੇ ਸ਼ਰਾਬ ਦੀ ਵਿਕਰੀ ਵਧੇਰੇ ਸੀ, ਉੱਥੇ 16 ਫ਼ੀਸਦੀ ਦੇ ਵਾਧੇ ਨਾਲ ਗਰੁੱਪ ਰੀਨਿਊ ਕੀਤਾ ਗਿਆ ਅਤੇ ਦਰਮਿਆਨੀ ਵਿੱਕਰੀ ਵਾਲੇ ਗਰੁੱਪ ਨੂੰ 12 ਫ਼ੀਸਦੀ ਵਾਧੇ ਨਾਲ ਅਤੇ ਘੱਟ ਵਿੱਕਰੀ ਵਾਲੇ ਗਰੁੱਪ ਨੂੰ 10 ਫ਼ੀਸਦੀ ਦੇ ਵਾਧੇ ਨਾਲ ਰੀਨਿਊ ਕੀਤਾ ਗਿਆ ਹੈ। ਵਰ੍ਹਾ 2022-23 ਦੌਰਾਨ ਆਬਕਾਰੀ ਕਮਾਈ ਦਾ ਟੀਚਾ 9600 ਕਰੋੜ ਦਾ ਰੱਖਿਆ ਗਿਆ ਸੀ ਅਤੇ ਹੁਣ ਤੱਕ ਸਰਕਾਰ ਨੂੰ 8900 ਕਰੋੜ ਦੀ ਆਮਦਨ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਜੂਨ 2022 ਵਿਚ ਨੌ ਮਹੀਨਿਆਂ ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ ਸੀ ਤਾਂ ਸਰਕਾਰ ਨੂੰ 5,446 ਕਰੋੜ ਰੁਪਏ ਦੀ ਆਮਦਨ ਹੋਈ ਸੀ। ਐਤਕੀਂ ਆਬਕਾਰੀ ਵਿਭਾਗ ਨੇ ਹਰ ਲਾਇਸੈਂਸਿੰਗ ਯੂਨਿਟ ਨੂੰ ਸ਼ਰਾਬ ਦੇ ਦੋ ਮਾਡਲ ਠੇਕੇ ਸਥਾਪਿਤ ਕਰਨ ਵਾਸਤੇ ਵੀ ਕਿਹਾ ਹੈ। ਵੱਡੇ ਸ਼ਹਿਰਾਂ ਵਿਚ ਵਿਸ਼ੇਸ਼ ਵਾਈਨ ਅਤੇ ਬੀਅਰ ਦੀਆਂ ਦੁਕਾਨਾਂ ਵੀ ਖੋਲ੍ਹ ਰਹੀ ਹੈ।ਵਿੱਤ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਾਰੇ ਗਰੁੱਪਾਂ ਦੀ ਨਿਲਾਮੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਐਤਕੀਂ ਜ਼ਿਆਦਾਤਰ ਗਰੁੱਪ ਛੋਟੇ ਸ਼ਰਾਬ ਠੇਕੇਦਾਰਾਂ ਵੱਲੋਂ ਲਏ ਗਏ ਹਨ ਜਦੋਂਕਿ ਪਿਛਲੀਆਂ ਸਰਕਾਰਾਂ ਨੇ ਸ਼ਰਾਬ ਦੇ ਵੱਡੇ ਠੇਕੇਦਾਰਾਂ ਨੂੰ ਫ਼ਾਇਦਾ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਰਾਬ ਦੇ ਭਾਅ ਹੋਰਨਾਂ ਸੂਬਿਆਂ ਨਾਲੋਂ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਵੀਂ ਆਬਕਾਰੀ ਨੀਤੀ ਨਾਲ ਆਮਦਨ ਵਿਚ ਕਰੀਬ 43 ਫ਼ੀਸਦੀ ਦਾ ਵਾਧਾ ਹੋਇਆ ਹੈ ਜੋ ਆਪਣੇ ਆਪ ਵਿਚ ਰਿਕਾਰਡ ਹੈ।
ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦਾ ਅਸਰ ਰਾਜਧਾਨੀ ਚੰਡੀਗੜ੍ਹ ‘ਤੇ ਵੀ ਸਾਫ਼ ਦਿੱਖ ਰਿਹਾ ਹੈ। ਇਥੇ ਇਸ ਵਾਰ ਸ਼ਰਾਬ ਠੇਕਿਆਂ ਦੀ ਨਿਲਾਮੀ ਲਈ ਖਰੀਦਦਾਰ ਵੀ ਨਹੀਂ ਮਿਲ ਰਹੇ ਹਨ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਦੇ 95 ਸ਼ਰਾਬ ਠੇਕਿਆਂ ਨੂੰ ਨਿਲਾਮ ਕਰਨ ਲਈ ਚਾਰ ਵਾਰ ਨਿਲਾਮੀ ਕੀਤੀ ਗਈ ਪਰ ਉਸ ਦੇ ਬਾਵਜੂਦ ਸਾਰੇ ਠੇਕੇ ਨਿਲਾਮ ਨਹੀਂ ਹੋ ਸਕੇ।
ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦਾ ਕਿੰਨਾ ਕ ਅਸਰ ਪੰਜਾਬ ਤੇ ਚੰਡੀਗੜ੍ਹ ਤੇ ਹੋਰ ਪਵੇਗਾ,ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਲਾਗੂ ਹੋ ਚੁੱਕਾ ਹੈ।