Punjab

ਮਾਨਸਾ ਮੰਡੀ ਵਿੱਚ ਨਰਮੇ ਦਾ ਰੇਟ ਚੜਿਆ,ਕਿਸਾਨਾਂ ਦੇ ਚਿਹਰੇ ਤੇ ਰੌਣਕਾਂ

‘ਦ ਖਾਲਸ ਬਿਉਰੋ:ਬੇਸ਼ੱਕ ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਣ ਨਰਮੇ ਦੀ ਫਸਲ ਬਰਬਾਦ ਹੋ ਗਈ ਸੀ ਪਰ ਇਸ ਦੌਰਾਨ ਬਚੀ ਫ਼ਸਲ ਤੇ ਹੁਣ ਮੰਡੀ ਦੇ ਵਿੱਚ ਨਰਮੇ ਦਾ ਰੇਟ ਵੀ ਚੰਗਾ ਮਿਲ ਰਿਹਾ ਹੈ ਅਤੇ ਕਿਸਾਨ ਸੰਤੁਸ਼ਟ ਦਿਖਾਈ ਦੇ ਰਹੇ ਹਨ । ਕਿਸਾਨਾਂ ਅਨੁਸਾਰ ਜੇਕਰ ਸਾਨੂੰ ਸਾਡੀ ਇਸ ਫ਼ਸਲ ਦਾ ਅਜਿਹਾ ਰੇਟ ਮਿਲੇ ਤਾਂ ਕਿਸਾਨ ਕਣਕ-ਝੋਨੇ ਦੀ ਰਵਾਇਤੀ ਫਸਲ ਨੂੰ ਛੱਡ,ਨਰਮੇ ਅਤੇ ਕਪਾਹ ਦੀ ਫਸਲ ਨੂੰ ਪਹਿਲ ਦੇਵਾਂਗੇ ।
ਇਸ ਵਾਰ ਮਾਨਸਾ ਦੀ ਅਨਾਜ ਮੰਡੀ ਵਿਚ ਨਰਮੇ ਦਾ ਰੇਟ 11 ਹਜ਼ਾਰ 500 ਪ੍ਰਤੀ ਏਕੜ ਰਿਹਾ। ਜਿਸ ਕਾਰਣ ਨਰਮਾ ਲੈ ਕੇ ਆਏ ਕਿਸਾਨ ਖੁਸ਼ ਦਿਖਾਈ ਦਿੱਤੇ ਪਰ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ਕ ਗੁਲਾਬੀ ਸੁੰਡੀ ਕਾਰਨ ਉਹਨਾਂ ਦੇ ਨਰਮੇ ਦੀ ਫਸਲ ਖਰਾਬ ਹੋ ਗਈ ਸੀ ਪਰ ਇਸ ਵਾਰ ਮੰਡੀਆਂ ਦੇ ਵਿੱਚ ਨਰਮੇ ਦਾ ਚੰਗਾ ਰੇਟ ਮਿਲਣ ਕਾਰਣ ਕਿਸਾਨ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤੈਅ ਕੀਤਾ ਗਿਆ 6ਹਜ਼ਾਰ ਰੁਪਏ ਪ੍ਰਤੀ ਕੁਇੰਟਲ ਰੇਟ ਹੈ ਪਰ ਅੱਜ ਪ੍ਰਾਈਵੇਟ ਤੌਰ ਤੇ 11 ਹਜਾਰ 500 ਰੁਪਏ ਪ੍ਰਤੀ ਕੁਇੰਟਲ ਨਰਮਾ ਵਿਕਿਆ ਹੈ।

ਸਰਕਾਰ ਵੱਲੋਂ ਉਪਲਬਧ ਕਰਾਏ ਜਾਂਦੇ ਬੀਜਾਂ ਬਾਰੇ ਨਿਰਾਸ਼ਾ ਜਾਹਿਰ ਕਰਦਿਆਂ ਕਿਸਾਨਾਂ ਨੇ ਕਿਹਾ ਹੈ ਕਿ ਘਟੀਆ ਬੀਜ ਆਉਣ ਦੇ ਕਾਰਨ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ ਸੀ । ਉਨ੍ਹਾਂ ਨੂੰ ਇਹ ਵੀ ਸ਼ਿਕਵਾ ਸੀ ਕਿ ਕਈ ਕਿਸਾਨਾਂ ਨੂੰ ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਅਤੇ ਕਈ ਪਿੰਡਾਂ ਵਿਚ ਇਸ ਦੇ ਵਿੱਚ ਘਪਲੇ ਵੀ ਹੋਏ ਹਨ,ਜਿਸਦੀ ਜਾਂਚ ਹੋਣੀ ਬਣਦੀ ਹੈ।