ਚੰਡੀਗੜ੍ਹ : ਪੰਜਾਬੀ ਦੀਆਂ ਮੰਡੀਆਂ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਮੰਡੀਆਂ ਵਿੱਚ ਬਾਸਮਤੀ ਦੇ ਵਧੀਆਂ ਭਾਅ ਮਿਲਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਪਿਛਲੇ ਸਾਲ ਬਾਸਮਤੀ ਦਾ ਭਾਅ ਵੱਧ ਤੋਂ ਵੱਧ ਚਾਰ ਹਜ਼ਾਰ ਰੁਪਏ ਕੁਇੰਟਲ ਨੂੰ ਛੂਹਿਆ ਸੀ ਜਦੋਂ ਕਿ ਪੰਜਾਬ ਮੰਡੀ ਬੋਰਡ ਦੇ ਪੋਰਟਲ ਅਨੁਸਾਰ ਇਸ ਵਾਰ ਬਾਸਮਤੀ ਦਾ ਭਾਅ ਪੰਜ ਹਜ਼ਾਰ ਪ੍ਰਤੀ ਕੁਇੰਟਲ ਤੱਕ ਗਿਆ ਹੈ।
ਬਾਸਮਤੀ ਦਾ ਔਸਤਨ ਭਾਅ 3700 ਰੁਪਏ ਤੋਂ 3800 ਰੁਪਏ ਪ੍ਰਤੀ ਕੁਇੰਟਲ ਹੈ ਜਦੋਂ ਕਿ ਪਿਛਲੇ ਸਾਲ ਇਹ ਔਸਤਨ 3300 ਤੋਂ 3400 ਰੁਪਏ ਪ੍ਰਤੀ ਕੁਇੰਟਲ ਸੀ। ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਵਿਚ ਕਰੀਬ 17 ਮੀਟਰਿਕ ਟਨ ਬਾਸਮਤੀ 5005 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਹੋਈ ਹੈ। ਫ਼ਰੀਦਕੋਟ ਜ਼ਿਲ੍ਹੇ ਵਿਚ ਬਾਸਮਤੀ ਦਾ ਭਾਅ 3980 ਰੁਪਏ ਤੱਕ ਰਿਹਾ ਹੈ ਜਦੋਂ ਕਿ ਸੰਗਰੂਰ ਜ਼ਿਲ੍ਹੇ ਵਿਚ ਇਹੋ ਭਾਅ 3925 ਰੁਪਏ ਪ੍ਰਤੀ ਕੁਇੰਟਲ ਤੱਕ ਗਿਆ ਹੈ।
ਭਾਰਤ ਸਰਕਾਰ ਵੱਲੋਂ ਬਾਸਮਤੀ ਚੌਲਾਂ ਦੇ ਪਹਿਲਾਂ ਨਿਰਧਾਰਿਤ ਬਰਾਮਦ ਮੁੱਲ 1200 ਡਾਲਰ ਪ੍ਰਤੀ ਟਨ ਵਿਚ ਕਟੌਤੀ ਮਗਰੋਂ ਪੰਜਾਬ ਵਿਚ ਬਾਸਮਤੀ ਦੇ ਭਾਅ ਨੂੰ ਇਕਦਮ ਹੁਲਾਰਾ ਮਿਲਿਆ ਹੈ। ਉਂਜ ਪੰਜਾਬ ਵਿੱਚੋਂ ਬਰਾਮਦ ਕੀਤੀ ਜਾਂਦੀ ਬਾਸਮਤੀ ਦਾ ਮੁੱਲ 900 ਤੋਂ 950 ਡਾਲਰ ਪ੍ਰਤੀ ਟਨ ਹੈ। ਭਾਰਤ ਸਰਕਾਰ ਨੇ ਇਹ ਮੁੱਲ ਹੁਣ 850 ਡਾਲਰ ਪ੍ਰਤੀ ਟਨ ਕਰ ਦਿੱਤਾ ਹੈ।
ਪੰਜਾਬ ਦੇ ਮਾਝਾ ਖ਼ਿੱਤੇ ਵਿਚ 15 ਸਤੰਬਰ ਮਗਰੋਂ ਬਾਸਮਤੀ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਅਤੇ ਹੁਣ ਸੂਬੇ ਦੇ ਕਰੀਬ ਡੇਢ ਦਰਜਨ ਜ਼ਿਲ੍ਹਿਆਂ ਵਿਚ ਬਾਸਮਤੀ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਬਾਸਮਤੀ ਹੇਠਲਾ ਰਕਬਾ ਕਰੀਬ 6 ਲੱਖ ਹੈਕਟੇਅਰ ਹੈ ਜੋ ਕਿ ਪਿਛਲੇ ਸਾਲ 4.94 ਲੱਖ ਹੈਕਟੇਅਰ ਸੀ।
ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਦੋ ਤਿੰਨ ਮੰਡੀਆਂ ਵਿਚ ਬਾਸਮਤੀ ਦਾ ਭਾਅ ਪੰਜ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਗਿਆ ਹੈ ਅਤੇ ਪਿਛਲੇ ਸਾਲ ਨਾਲੋਂ ਕਿਸਾਨਾਂ ਨੂੰ ਵੱਧ ਭਾਅ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਾਸਮਤੀ ਕੀਟਨਾਸ਼ਕ ਮੁਕਤ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੇ ਕੌਮਾਂਤਰੀ ਮਿਆਰਾਂ ਦੇ ਮੱਦੇਨਜ਼ਰ 10 ਤਰ੍ਹਾਂ ਦੇ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਈ ਹੋਈ ਤਾਂ ਜੋ ਕੌਮਾਂਤਰੀ ਬਾਜ਼ਾਰ ਵਿਚ ਕੋਈ ਅੜਿੱਕਾ ਨਾ ਪਏ। ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਵੱਲੋਂ ਬਾਸਮਤੀ ’ਤੇ ਕੀਟਨਾਸ਼ਕਾਂ ਦੇ ਅਸਰਾਂ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਵਿਚ ਬਾਸਮਤੀ ਤੋਂ ਇਲਾਵਾ ਪਰਮਲ ਝੋਨੇ ਦੀ ਮੰਗ ਜ਼ਿਆਦਾ ਹੈ ਜਦੋਂ ਕਿ ਪੈਦਾਵਾਰ ਘੱਟ ਹੈ। ਚੌਲ ਮਿੱਲਾਂ ਜ਼ਿਆਦਾ ਹੋਣ ਕਰਕੇ ਇਹ ਮੰਗ ਬਣੀ ਹੈ।