India

ਰਾਸ਼ਟਰਪਤੀ ਨੇ 54 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਕੀਤਾ ਪ੍ਰਦਾਨ

‘ਦ ਖ਼ਾਲਸ ਬਿਊਰੋ :ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੱਖ-ਵੱਖ ਖੇਤਰਾਂ ਦੀਆਂ 54 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਰਾਸ਼ਟਰਪਤੀ ਭਵਨ ਵਿੱਚ ਹੋਏ ਪੁਰਸਕਾਰ ਵੰਡ ਸਮਾਰੋਹ ਵਿੱਚ ਪੰਜਾਬ ਦੀ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਨ ਪੁਰਸਕਾਰ ਦਿੱਤਾ ਗਿਆ ਜੋ ਉਨ੍ਹਾਂ ਦੀ ਧੀ ਨੇ ਪ੍ਰਾਪਤ ਕੀਤਾ ਜਦੋਂ ਕਿ ਪੰਜਾਬ ਦੇ ਸਮਾਜ ਸੇਵੀ ਪ੍ਰੇਮ ਸਿੰਘ ਤੇ ਚੜ੍ਹਦੀਕਲਾ ਸਮੂਹ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਨੂੰ ਪਦਮ ਸ੍ਰੀ ਪੁਰਸਕਾਰ ਦਿੱਤਾ ਗਿਆ। ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਨ ਜਨਰਲ ਬਿਪਿਨ ਰਾਵਤ ਅਤੇ ਰਾਧੇਸ਼ਿਆਮ ਖੇਮਕਾ ਨੂੰ ਮਰਨ ਉਪਰੰਤ ਮਿਲਿਆ ਹੈ। ਜਨਰਲ ਬਿਪਿਨ ਰਾਵਤ ਲਈ ਪੁਰਸਕਾਰ ਉਨ੍ਹਾਂ ਦੀਆਂ ਧੀਆਂ ਜਦਕਿ ਖੇਮਕਾ ਲਈ ਪੁਰਸਕਾਰ ਉਨ੍ਹਾਂ ਦੇ ਇਕ ਨੇੜਲੇ ਪਰਿਵਾਰਕ ਮੈਂਬਰ ਨੇ ਪ੍ਰਾਪਤ ਕੀਤਾ।

ਕੋਵਿ ਡ-19 ਵਿਰੋਧੀ ਵੈਕਸੀਨ ਕੋਵੀਸ਼ੀ ਲਡ ਬਣਾਉਣ ਵਾਲੇ ਭਾਰਤੀ ਸੀਰਮ ਸੰਸਥਾ ਦੇ ਸੰਸਥਾਪਕ ਸਾਇਰਸ ਪੂਨਾਵਾਲਾ, ਸਾਬਕਾ ਸੀਏਜੀ ਰਾਜੀਵ ਮਹਿਰਿਸ਼ੀ ,ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੂੰ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਭੂਸ਼ਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਪਰ ਇਸ ਸਾਲ ਭਾਰਤ ਦੇ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਕਿਸੇ ਨੂੰ ਵੀ ਨਹੀਂ ਮਿਲਿਆ ਹੈ। ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ 125 ਸਾਲਾ ਯੋਗ ਗੁਰੂ ਸਵਾਮੀ ਸ਼ਿਵਾਨੰਦ ਸਣੇ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ।ਹਰ ਸਾਲ ਗਣਤੰਤਰ ਦਿਵਸ ਮੌਕੇ ਐਲਾਨੇ ਜਾਣ ਵਾਲੇ ਇਹਨਾਂ ਪੁਰਸਕਾਰ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਦਿੱਤੇ ਜਾਂਦੇ ਹਨ। ਇਸ ਸਾਲ ਕੁੱਲ 128 ਪਦਮ ਪੁਰਸਕਾਰ ਦਿੱਤੇ ਜਾ ਰਹੇ ਹਨ ।