‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ, ਜਿਨ੍ਹਾਂ ਨੂੰ ਦੋ ਸਾਲ ਤੋਂ ਵੱਧ ਸਮਾਂ SGPC ਅਦਾਰਿਆਂ ਵਿੱਚ ਮੁੱਖ ਅਹੁਦਿਆਂ ‘ਤੇ ਕੰਮ ਕਰਦਿਆਂ ਹੋ ਗਿਆ ਹੈ, ਉਨ੍ਹਾਂ ਦੇ ਅਹੁਦਿਆਂ ਦੀ ਹੁਣ ਅਦਲਾ-ਬਦਲੀ ਕੀਤੀ ਜਾਵੇਗੀ, ਉਹ ਭਾਵੇਂ ਕੋਈ ਮੈਨੇਜਰ, ਸਕੱਤਰ, ਮੁੱਖ ਸਕੱਤਰ ਹੋਵੇ, ਸਭ ਦੇ ਅਹੁਦੇ ਬਦਲੇ ਜਾਣਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਾਵਾਂ ਦੇ ਸੇਵਾਦਾਰ ਅਤੇ ਹੋਰ ਅਧਿਕਾਰੀਆਂ ਲਈ ਸਾਨੂੰ ਗੁਰਦਾਸਪੁਰ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵੱਲੋਂ ਆਫਰ ਆਈ ਹੈ ਕਿ ਅਸੀਂ ਆਪਣੇ ਅਧਿਕਾਰੀ ਉਨ੍ਹਾਂ ਕੋਲ ਟਰੇਨਿੰਗ ਦੇਣ ਲਈ ਭੇਜੀਏ। ਇਸਦਾ ਕੋਈ ਵੀ ਖਰਚ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਰੇ ਸਿੰਘ ਸਾਹਿਬਾਨ, ਹੈੱਡ ਗ੍ਰੰਥੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਰਿਹਾਇਸ਼ ਕੰਪਲੈਕਸ ਤੋਂ ਬਾਹਰ ਕੱਢੀ ਜਾਵੇਗੀ। ਇਸ ਲਈ ਹੁਣ ਇਨ੍ਹਾਂ ਦੀ ਰਿਹਾਇਸ਼ ਲਈ ਬਾਬਾ ਦੀਪ ਸਿੰਘ ਡਿਊੜੀ ਵਾਲੇ ਪਾਸੇ ਬਿਲਡਿੰਗ ਉਸਾਰੀ ਜਾਵੇਗੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖਾਨਾ ਵਿੱਚ ਸਾਡਾ ਬਹੁਤ ਕੀਮਤੀ ਸਮਾਨ ਪਿਆ ਹੋਇਆ ਹੈ। ਇਸ ਸਾਰੇ ਸਮਾਨ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਕੇ ਪੂਰਾ ਰਿਕਾਰਡ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਯੂਨਾਈਟਿਡ ਸਿੱਖ ਕਾਊਂਸਿਲ, ਯੂਐੱਸਏ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸੋਲਰ ਸਿਸਟਮ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਿਰੇ ਤੋਂ ਹੋਰ ਸਰਾਵਾਂ ਦੀ ਉਸਾਰੀ ਕੀਤੀ ਜਾਵੇਗੀ। ਸੰਗਤਾਂ ਦੀ ਆਮਦ ਬਹੁਤ ਹੋ ਗਈ ਹੈ।