India

ਕਾਂਵੜ ਯਾਤਰਾ ਸਬੰਧੀ ਪੁਲਿਸ ਦਾ ਤੁਗ਼ਲਕੀ ਫ਼ੁਰਮਾਨ ਵਿਵਾਦਾਂ ’ਚ ਘਿਰਿਆ! ਵਿਰੋਧੀ ਧਿਰ ਨੇ ਚੁੱਕਿਆ ਮੁੱਦਾ

ਸਾਉਣ ਮਹੀਨੇ ਵਿੱਚ ਕਾਂਵੜ ਯਾਤਰਾ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਮੁਜ਼ੱਫਰਨਗਰ ਪੁਲਿਸ ਦਾ ਨਵਾਂ ਫਰਮਾਨ ਵਿਵਾਦਾਂ ਵਿੱਚ ਘਿਰ ਗਿਆ ਹੈ। ਪੁਲਿਸ ਨੇ ਮੁਜ਼ੱਫਰਨਗਰ ਜ਼ਿਲੇ ਵਿੱਚ ਸਾਵਣ ਮਹੀਨੇ ਵਿੱਚ ਹੋਣ ਵਾਲੀ ਕਾਂਵੜ ਯਾਤਰਾ ਦੇ ਰੂਟ ’ਤੇ ਸਥਿਤ ਸਾਰੇ ਹੋਟਲਾਂ, ਢਾਬਿਆਂ ਜਾਂ ਠੇਲਿਆਂ ‘ਤੇ ਖਾਣ-ਪੀਣ ਦੀਆਂ ਸਾਰੀਆਂ ਦੁਕਾਨਾਂ ਨੂੰ ਆਪਣੇ ਮਾਲਕਾਂ ਜਾਂ ਕਰਮਚਾਰੀਆਂ ਦੇ ਨਾਂ ਲਿਖਣ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਮੁਤਾਬਕ ਇਹ ਹਦਾਇਤ ਕਾਂਵੜੀਆਂ ਨੂੰ ਭੰਬਲਭੂਸੇ ਤੋਂ ਬਚਾਉਣ ਤੇ ਬਾਅਦ ਵਿੱਚ ਅਮਨ-ਕਾਨੂੰਨ ਦੀ ਸਮੱਸਿਆ ਤੋਂ ਬਚਣ ਲਈ ਦਿੱਤੀ ਗਈ ਹੈ।

ਪ੍ਰਸ਼ਾਸਨ ਦੇ ਇਸ ਹੁਕਮ ’ਤੇ ਹੁਣ ਵਿਰੋਧੀ ਧਿਰ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਕਾਂਗਰਸ ਵਰਕਿੰਗ ਕਮੇਟੀ ਮੈਂਬਰ ਪਵਨ ਖੇੜਾ ਨੇ ਆਪਣੇ ਅਧਿਕਾਰਿਤ ਐਕਸ ਹੈਂਡਲ ’ਤੇ ਵੀਡੀਓ ਪੋਸਟ ਕਰਦੇ ਹੋਏ ਕਿਹਾ, “ਇੱਕ ਨਵਾਂ ਹੁਕਮ ਆਇਆ ਹੈ ਕਿ ਕਾਂਵੜ ਯਾਤਰਾ ਦੇ ਰੂਟ ’ਤੇ ਫਲ ਅਤੇ ਸਬਜ਼ੀਆਂ ਵੇਚਣ ਵਾਲੇ ਸਾਰੇ ਵਿਕਰੇਤਾਵਾਂ, ਸਟਾਲਾਂ ਜਾਂ ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਨੂੰ ਬੋਰਡਾਂ ’ਤੇ ਆਪਣੇ ਨਾਮ ਲਿਖਣੇ ਪੈਣਗੇ। ਅਜਿਹਾ ਕਰਨ ਪਿੱਛੇ ਮਨਸ਼ਾ ਇਹ ਜਾਣਨਾ ਹੈ ਕਿ ਕੌਣ ਹਿੰਦੂ ਹੈ ਅਤੇ ਕੌਣ ਮੁਸਲਮਾਨ। ਇਹ ਸੰਭਵ ਹੈ ਕਿ ਦਲਿਤ ਵੀ ਉਨ੍ਹਾਂ ਦੇ ਇਰਾਦਿਆਂ ਵਿੱਚ ਸ਼ਾਮਲ ਹਨ।”

ਆਪਣੇ ਬਿਆਨ ’ਚ ਪਵਨ ਨੇ ਕਿਹਾ ਕਿ ਕਾਂਵਰੜ ਯਾਤਰਾ ਦੌਰਾਨ ਜੋ ਕੁਝ ਕੀਤਾ ਜਾ ਰਿਹਾ ਹੈ, ਉਸ ਦਾ ਕਾਰਨ ਮੁਸਲਮਾਨਾਂ ਦਾ ਆਰਥਿਕ ਬਾਈਕਾਟ ਕਰਨਾ ਹੈ। ਇਸ ਨੂੰ ਕਿਸੇ ਲਈ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਵਨ ਖੇੜਾ ਨੇ ਆਪਣੇ ਐਕਸ ਹੈਂਡਲ ’ਤੇ ਇਹ ਵੀ ਲਿਖਿਆ ਕਿ ਜਿਹੜੇ ਲੋਕ ਇਹ ਤੈਅ ਕਰਨਾ ਚਾਹੁੰਦੇ ਸਨ ਕਿ ਕੌਣ ਕੀ ਖਾਵੇ, ਉਹ ਹੁਣ ਇਹ ਵੀ ਤੈਅ ਕਰਨਗੇ ਕਿ ਕੌਣ ਕਿਸ ਤੋਂ ਕੀ ਖਰੀਦੇਗਾ?

ਪਵਨ ਖੇੜਾ ਨੇ ਕਿਹਾ, “ਭਾਰਤ ਦੇ ਵੱਡੇ ਮੀਟ ਨਿਰਯਾਤਕ ਹਿੰਦੂ ਹਨ। ਕੀ ਹਿੰਦੂਆਂ ਦੁਆਰਾ ਵੇਚਿਆ ਗਿਆ ਮੀਟ ਦਾਲ-ਭਾਤ ਬਣ ਜਾਂਦਾ ਹੈ? ਇਸੇ ਤਰ੍ਹਾਂ ਕੀ ਅਲਤਾਫ਼ ਜਾਂ ਰਸ਼ੀਦ ਦੁਆਰਾ ਵੇਚਿਆ ਗਿਆ ਅੰਬ ਅਮਰੂਦ ਮੀਟ ਨਹੀਂ ਬਣ ਜਾਵੇਗਾ?”

ਉੱਧਰ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਵੀ ਟਵੀਟ ਕੀਤਾ ਹੈ ਕਿ ਜਿਸ ਵਿਅਕਤੀ ਦਾ ਨਾਂ ਗੁੱਡੂ, ਮੁੰਨਾ, ਛੋਟੂ ਜਾਂ ਫਤੇ ਹੈ, ਉਸ ਦੇ ਨਾਂ ਤੋਂ ਕੀ ਪਤਾ ਲੱਗੇਗਾ? ਅਖਿਲੇਸ਼ ਯਾਦਵ ਨੇ ਇਸ ਮਾਮਲੇ ’ਚ ਅਦਾਲਤ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਹੈ।

ਅਖਿਲੇਸ਼ ਨੇ ਟਵੀਟ ਕੀਤਾ, “ਮਾਣਯੋਗ ਅਦਾਲਤ ਨੂੰ ਖੁਦ ਨੋਟਿਸ ਲੈਣਾ ਚਾਹੀਦਾ ਹੈ ਅਤੇ ਅਜਿਹੇ ਪ੍ਰਸ਼ਾਸਨ ਦੇ ਪਿੱਛੇ ਦੇ ਇਰਾਦਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਢੁਕਵੀਂ ਸਜ਼ਾਤਮਕ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੇ ਹੁਕਮ ਸਮਾਜਿਕ ਅਪਰਾਧ ਹਨ ਜੋ ਸਦਭਾਵਨਾ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ।” ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਵੀ ਇਸ ਪੁਲਿਸ ਆਰਡਰ ਦੀ ਤੁਲਨਾ ਹਿਟਲਰ ਦੇ ਦੌਰ ਦੇ ਨਾਜ਼ੀ ਜਰਮਨੀ ਨਾਲ ਕੀਤੀ ਹੈ।

ਜਾਵੇਦ ਅਖਤਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ “ਉੱਤਰ ਪ੍ਰਦੇਸ਼ ਪੁਲਸ ਦੀ ਮੁਜ਼ੱਫਰਨਗਰ ਪੁਲਿਸ ਨੇ ਕਿਹਾ ਹੈ ਕਿ ਕਿਸੇ ਖਾਸ ਯਾਤਰਾ ਰੂਟ ’ਤੇ ਦੁਕਾਨਾਂ, ਹੋਟਲਾਂ ਅਤੇ ਇੱਥੋਂ ਤੱਕ ਕਿ ਗੱਡੀਆਂ ’ਤੇ ਉਨ੍ਹਾਂ ਦੇ ਮਾਲਕਾਂ ਦੇ ਨਾਂ ਸਪੱਸ਼ਟ ਤੌਰ ’ਤੇ ਲਿਖੇ ਜਾਣੇ ਚਾਹੀਦੇ ਹਨ, ਕਿਉਂ? ਨਾਜ਼ੀ ਜਰਮਨੀ ਵਿੱਚ ਖ਼ਾਸ ਦੁਕਾਨਾਂ ਤੇ ਘਰਾਂ ’ਤੇ ਇੱਕ ਨਿਸ਼ਾਨ ਲਗਾਇਆ ਕਰਦੇ ਸੀ.”

ਇਹ ਵੀ ਪੜ੍ਹੋ –   ਪੁਲਿਸ ਮੁਲਾਜ਼ਮ ਮਹਿਲਾ ਸਮੇਤ ਗ੍ਰਿਫਤਾਰ, ਕੁਝ ਸਮੇਂ ਪਹਿਲਾਂ ਹੀ ਬਹਾਲ ਹੋਇਆ ਸੀ ਮੁਲਾਜ਼ਮ