ਮੋਗਾ : ਲੋਪੋ ਪੁਲਿਸ ਚੌਕੀ ‘ਚ 32 ਸਾਲਾ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਥਾਣੇ ‘ਚ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਪੂਰੇ ਮਾਮਲੇ ‘ਚ ਚੁੱਪ ਧਾਰੀ ਹੋਈ ਹੈ।
ਉੱਧਰ, ਐੱਸ ਐੱਸ ਪੀ ਨੇ ਕਿਹਾ ਕਿ ਕੁਝ ਹੀ ਸਮੇਂ ਵਿੱਚ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀ ’ਤੇ ਦੋਸ਼ ਲਾਇਆ ਹੈ ਕਿ ਪੁਲੀਸ ਵੱਲੋਂ ਕੁੱਟਮਾਰ ਕਰਨ ਨਾਲ ਨਵਪ੍ਰੀਤ ਕੌਰ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ ਪਿੰਡ ਕਾਲੀਆ ਵਾਲਾ ਦਾ ਰਹਿਣ ਵਾਲਾ ਕੁਲਦੀਪ ਸਿੰਘ ਆਪਣੀ ਪਤਨੀ ਨਵਪ੍ਰੀਤ ਕੌਰ ਅਤੇ 11 ਸਾਲਾ ਭਤੀਜੇ ਨਾਲ ਕਾਰ ‘ਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਦੌਧਰ ਜਾ ਰਿਹਾ ਸੀ। ਪੁਲਿਸ ਨੇ ਉਸ ਦੀ ਕਾਰ ਪਿੰਡ ਦੌਧਰ ਨੇੜੇ ਰੋਕੀ। ਇਸ ਤੋਂ ਬਾਅਦ ਨਸ਼ਾ ਤਸਕਰੀ ਦੇ ਸ਼ੱਕ ‘ਚ ਪੁਲਿਸ ਨੇ ਪਤੀ-ਪਤਨੀ ਅਤੇ ਬੱਚੇ ਨੂੰ ਵਾਹਨ ਸਮੇਤ ਥਾਣੇ ਲੈ ਗਈ। ਦੋਸ਼ ਹੈ ਕਿ ਥਾਣੇ ‘ਚ ਤਿੰਨਾਂ ਦੀ ਕੁੱਟਮਾਰ ਕੀਤੀ ਗਈ। ਕੁਟਮਾਰ ਦੌਰਾਨ 32 ਸਾਲਾ ਨਵਪ੍ਰੀਤ ਕੌਰ ਦੀ ਮੌਤ ਹੋ ਗਈ।
ਪਿੰਡ ਕਾਲੀਆ ਵਾਲਾ ਦੇ ਵਸਨੀਕ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋ ਘੰਟੇ ਤੱਕ ਮ੍ਰਿਤਕ ਦੀ ਲਾਸ਼ ਨੂੰ ਥਾਣੇ ਵਿੱਚ ਰੱਖਿਆ ਅਤੇ ਫਿਰ ਉਸ ਦੇ ਭਰਾ ਅਤੇ ਪੁੱਤਰ ਨੂੰ ਪੁਲਿਸ ਨੇ ਲਾਸ਼ ਸਮੇਤ ਥਾਣੇ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ। ਇਸ ਦੇ ਨਾਲ ਹੀ ਪਰਿਵਾਰ ਦੇ ਦੋਸ਼ਾਂ ‘ਤੇ ਕੋਈ ਵੀ ਪੁਲਿਸ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉੱਥੇ ਮਹਿਲਾ ਨੂੰ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਸੀ ਤਾਂ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਜਦੋਂ ਮਹਿਲਾ ਬੇਹੋਸ਼ ਹੋਈ ਤਾਂ ਪੁਲਿਸ ਨੇ ਡਾਕਟਰਾਂ ਨੂੰ ਸੱਦਿਆ ਜਿਨ੍ਹਾਂ ਦੱਸਿਆ ਕਿ ਹਾਲਾਤ ਗੰਭੀਰ ਹੈ ਪਰ ਪੁਲਿਸ ਫਿਰ ਵੀ ਉਸ ਨੂੰ ਹਸਪਤਾਲ ਨਹੀਂ ਲੈ ਗਏ ਤੇ ਉੱਥੇ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕ ਮਹਿਲਾ ਦੇ ਬੱਚਿਆਂ ਨੇ ਦੱਸਿਆ ਕਿ ਪੁਲਿਸ ਸਾਨੂੰ ਆਖ ਰਹੀ ਸੀ ਕਿ ਤੁਹਾਡੇ ਕੋਲ ਅਫ਼ੀਮ ਹੈ ਤਾਂ ਅਸੀਂ ਕਿਹਾ ਕਿ ਸਾਡੀ ਤਲਾਸ਼ੀ ਲੈ ਲਓ, ਗੱਡੀ ਦੀ ਤਲਾਸ਼ੀ ਲੈ ਲਓ ਸਾਡੇ ਕੋਲ ਕੁਝ ਨਹੀਂ ਹੈ।