ਕੁਰਾਲੀ : ਭੇਤਭਰੀ ਹਾਲਤ ਵਿੱਚ ਲਾਪਤਾ ਹੋਈ ਲੜਕੀ ਦੀ ਕੱਲ੍ਹ ਦੇਰ ਸ਼ਾਮ ਮਿਲੀ ਲਾਸ਼ ਦੈ ਮਾਮਲਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਸਿਟੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਦੀ ਪਛਾਣ ਕਰਕੇ ਉਸ ਖ਼ਿਲਾਫ਼ ਕਤਲ, ਬਲਾਤਕਾਰ ਅਤੇ ਪੋਸਕੋ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਹੈ।
ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ 17 ਸਾਲਾ ਮੁਟਿਆਰ ਦੀ ਲਾਸ਼ ਵੀਰਵਾਰ ਨੂੰ ਭੇਤਭਰੀ ਹਾਲਤ ਵਿੱਚ ਮਹਿਰਮਪੁਰ ਟੱਪਰੀਆਂ-ਖਿਜ਼ਰਾਬਾਦ ਲਿੰਕ ਸੜਕ ’ਤੇ ਗੰਨੇ ਦੇ ਖੇਤ ਵਿੱਚੋਂ ਮਿਲੀ ਸੀ। ਇਸ ਸਬੰਧੀ ਹਰਕਤ ਵਿੱਚ ਆਉਂਦਿਆਂ ਪੁਲੀਸ ਨੇ ਫੋਨ ਕਾਲ ਡਿਟੇਲਾਂ ਤੋਂ ਕਥਿਤ ਦੋਸ਼ੀ ਦੀ ਪੈੜ ਨੱਪਦਿਆਂ ਨੌਜਵਾਨ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਡੀਐੱਸਪੀ ਨਰਿੰਦਰ ਚੌਧਰੀ ਨੇ ਦੱਸਿਆ ਕਿ ਲੜਕੀ ਨੌਜਵਾਨ ਨਾਲ ਕੁਝ ਸਮੇਂ ਤੋਂ ਸੰਪਰਕ ਵਿੱਚ ਸੀ। ਬੁੱਧਵਾਰ ਨੂੰ ਲੜਕੀ ਦਾ ਜਨਮ ਦਿਨ ਸੀ ਅਤੇ ਉਹ ਲੜਕੀ ਨੂੰ ਜਨਮ ਦਿਨ ਮਨਾਉਣ ਸਬੰਧੀ ਕਹਿ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ। ਇਸ ਦੌਰਾਨ ਮੁਲਜ਼ਮ ਨੇ ਲੜਕੀ ਨਾਲ ਪਹਿਲਾਂ ਜਬਰਦਸਤੀ ਕੀਤੀ ਜਿਸ ਦੌਰਾਨ ਲੜਕੀ ਦੀ ਸਿਹਤ ਵਿਗੜ ਗਈ ਅਤੇ ਮੁਲਜ਼ਮ ੳਸ ਨੂੰ ਛੱਡ ਕੇ ਚਲਾ ਗਿਆ।
ਉਨ੍ਹਾਂ ਨੇ ਕਿਹਾ ਕਿ ਲੜਕੀ ਦੇ ਲਾਪਤਾ ਹੋਣ ਸਬੰਧੀ ਪਿਤਾ ਵਲੋਂ ਲਿਖਾਈ ਰਿਪੋਰਟ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਪੈੜ ਨੱਪੀ ਜਿਸ ਨੇ ਆਪਣਾ ਜੁਰਮ ਕਬੂਲ ਲਿਆ। ਚੌਧਰੀ ਨੇ ਦੱਸਿਆ ਕਿ ਮੁਲਜ਼ਮ ਦੇ ਨਿਸ਼ਾਨਦੇਹੀ ’ਤੇ ਲੜਕੀ ਦੀ ਲਾਸ਼ ਬੁੱਧਵਾਰ ਦੇਰ ਸ਼ਾਮ ਨੂੰ ਮਹਿਰਮਪੁਰ ਟੱਪਰੀਆਂ-ਖਿਜ਼ਰਾਬਾਦ ਸੜਕ ਦੇ ਇੱਕ ਗੰਨੇ ਵਾਲੇ ਖੇਤ ਵਿਚੋਂ ਬਰਾਮਦ ਕੀਤੀ ਗਈ। ਇਸੇ ਦੌਰਾਨ ਲੜਕੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਮੁਲਜ਼ਮ ਦਾ ਰਿਮਾਂਡ ਦਿੱਤਾ ਹੈ।
ਦੱਸ ਦਈਏ ਕਿ ਲੰਘੇ ਕੱਲ੍ਹ ਕੁਰਾਲੀ ਦੇ ਖਿਜ਼ਰਾਬਾਦ ਨੇੜਿਉਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਈ ਲੜਕੀ ਦੀ ਲਾਸ਼ ਮਿਲੀ ਸੀ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸ਼ਹਿਰ ਵਿੱਚ ਪੜ੍ਹਨ ਆਈ ਲੋਹਾਰੀ ਦੀ ਕਰੀਬ 17 ਸਾਲਾ ਲੜਕੀ ਲਾਪਤਾ ਹੋ ਗਈ ਸੀ। ਇਸ ਸਬੰਧੀ ਲੜਕੀ ਦੇ ਮਾਪਿਆਂ ਨੇ ਸਥਾਨਕ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।
ਲਾਪਤਾ ਹੋਈ ਲੜਕੀ ਦੀ ਭਾਲ ਸਬੰਧੀ ਸਿਟੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਲੜਕੀ ਦੀਆਂ ਸਾਥਣਾਂ ਤੋਂ ਪੁੱਛ-ਗਿੱਛ ਕੀਤੀ ਗਈ ਸੀ। ਪੁਲਿਸ ਹਾਲੇ ਭਾਲ ਕਰ ਹੀ ਰਹੀ ਸੀ ਕਿ ਖਿਜ਼ਰਾਬਾਦ-ਝੰਡੇ ਮਾਜਰਾ ਰੋਡ ’ਤੇ ਗੰਨੇ ਦੇ ਖੇਤਾਂ ਵਿੱਚੋਂ ਲੜਕੀ ਦੀ ਲਾਸ਼ ਬਰਾਮਦ ਹੋਈ ਸੀ।