Punjab

ਗੁਲਾਬੀ ਸੁੰਡੀ ਨੇ ਡੋਬੇ ਕਿਸਾਨਾਂ ਦੇ ਸੁਪਨੇ,ਅੱਕ ਕੇ ਖੜੀ ਫਸਲ ਵਾਹੀ

‘ਦ ਖਾਲਸ ਬਿਊਰੋ:ਮਾਲਵੇ ਦੇ ਕਿਸਾਨਾਂ ਦੇ ਦੁੱਖਾਂ ਦੀ ਦਾਸਤਾਨ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ।ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਵਲੋਂ ਮਰੁੰਡ ਲੈਣ ਦੀ ਚੀਸ ਹਾਲੇ ਮੱਠੀ ਨਹੀਂ ਸੀ ਪਈ ਕਿ ਹਾੜੀ ਦੇ ਘੱਟ ਝਾੜ ਨੇ ਮੁੱੜ ਜ਼ਖਮ ਹਰੇ ਕਰ ਦਿੱਤੇ।ਇਸ ਵਾਰ ਮਾਲਵੇ ਵਿੱਚ ਨਰਮੇ ਦੀ ਫਸਲ ਨੂੰ ਸਿਰਫ ਗੁਲਾਬੀ ਸੁੰਡੀ ਨਹੀਂ ਪਈ ਸਗੋਂ ਮਿਲੀਬੱਗ ਤੇ ਸਫੇਦ ਮੱਖੀ ਨੇ ਵੀ ਹੱਲਾ ਬੋਲ ਦਿੱਤਾ ਹੈ।ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਦੀਆਂ ਕੀਤੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਹਨ।ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਂਝੇ ਤੌਰ ਤੇ ਗੁਲਾਬੀ ਸੁੰਡੀ ਦਾ ਅਗਾਉਂ ਹਮਲਾ ਰੋਕਣ ਦੀ ਦਵਾਈ ਤਿਆਰ ਕਰਨ ਦ ਦਾਅਵਾ ਕੀਤਾ ਸੀ।ਨਰਮੇ ਦੀ ਫਸਲ ਤੇ ਇਸ ਵਾਰ ਹਮਲਾ ਏਨਾਂ ਜਬਰਦਸਤ ਹੈ ਕਿ ਕਿਸਾਨ ਕੋਲ ਖੇਤਾਂ ਵਿੱਚ ਖੜੀ ਫਸਲ ਵਾਹੁਣ ਤੋਂ ਬਿਨਾਂ ਕੋਈ ਚਾਰਾ ਨੀ ਰਹਿ ਗਿਆ ਹੈ।
ਇੱਕ ਜਾਣਕਾਰੀ ਦੇ ਅਨੁਸਾਰ ਪਿੰਡ ਝੇਰਿਆਂਵਾਲੀ ਦੇ ਇੱਕ ਕਿਸਾਨ ਚਾਰ ਹੈਕਟੇਅਰ ਨਰਮੇ ਦੀ ਖੜੀ ਫਸਲ ਵਾਹ ਦਿੱਤੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸੱਮਸਿਆ ਦਾ ਕੋਈ ਹੱਲ ਨਾ ਹੋਣ ਕਰਕੇ ਮਜਬੂਰੀ ਵੱਸ ਉਹਨਾਂ ਨੂੰ ਖੜੀ ਫਸਲ ਨੂੰ ਵਾਹੁਣਾ ਪੈ ਰਿਹਾ ਹੈ।
ਪੀੜਤ ਕਿਸਾਨ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਠੇਕੇ ਤੇ 40 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਲੈ ਕੇ ਨਰਮੇ ਦੀ ਫ਼ਸਲ ਬੀਜੀ ਗਈ ਸੀ ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਸਬੰਧ ਵਿਚ ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਖੇਤੀਬਾੜੀ ਅਧਿਕਾਰੀ ਵੀ ਇਸ ਤੋਂ ਹੱਥ ਖੜ੍ਹੇ ਕਰ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਮਜਬੂਰੀ ਵੱਸ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਹੈ। ਕਿਸਾਨਾਂ ਨੇ ਜਿਥੇ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ,ਉਥੇ ਹੀ ਇਹ ਚਿਤਾਵਨੀ ਵੀ ਦਿੱਤੀ ਹੈ ਕਿ 7 ਜੁਲਾਈ ਨੂੰ ਜ਼ਿਲ੍ਹਾ ਖੇਤੀਬਾੜੀ ਦਫਤਰ ਦੇ ਬਾਹਰ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾਵੇਗੀ।

ਮਾਲਵਾ ਪੱਟੀ ਦੇ ਵਿੱਚ ਨਰਮਾ ਇੱਕ ਵੱਡੀ ਫਸਲ ਹੈ ਤੇ ਕਿਸਾਨ ਬੜੀ ਪੱਧਰ ਤੇ ਹਰ ਸਾਲ ਇਸ ਦੀ ਕਾਸ਼ਤ ਕਰਦੇ ਹਨ ਪਰ ਪਿੱਛਲੇ ਕੁੱਝ ਸਮੇਂ ਤੋਂ ਨਰਮੇ ਦੇ ਫੁੱਲਾਂ ਤੇ ਲਗਾਤਾਰ ਗੁਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਹੈ ਤੇ ਇਸ ਵਾਰ ਤਾਂ ਫਸਲ ਮਿਲੀਬੱਗ ਤੇ ਸਫੇਦ ਮੱਖੀ ਦੇ ਹਮਲੇ ਦਾ ਸ਼ਿਕਾਰ ਵੀ ਹੋਈ ਹੈ।ਸਰਕਾਰ ਨੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਲਈ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ ਪਰ ਸ਼ਾਇਦ ਉਹ ਕਿਸਾਨਾਂ ਤੱਕ ਪਹੁੰਚਦਾ ਨਹੀਂ ਹੈ ਜਾਂ ਫਿਰ ਇਹ ਸਿਰਫ ਐਲਾਨ ਹੀ ਹਨ।ਇਸੇ ਕਾਰਨ ਕਿਸਾਨ ਸੜਕਾਂ ਤੇ ਉਤਰ ਧਰਨੇ ਲਾਉਣ ਲਈ ਮਜਬੂਰ ਹੋ ਜਾਂਦੇ ਹਨ।