India

ਤੇਜ਼ ਬਰਫਬਾਰੀ ਕਾਰਨ ਇੱਕ ਦਿਨ ਪਹਿਲਾਂ ਰੁਕੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

Shri Hemkunt Sahib

ਉਤਰਾਖੰਡ(Uttarakhand) ਦੇ ਚਮੋਲੀ ਵਿੱਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ (Shri Hemkunt Sahib)ਦੀ ਯਾਤਰਾ ਭਾਰੀ ਬਰਫ਼ਬਾਰੀ ਕਾਰਨ ਇਸ ਦੇ ਕਿਵਾੜ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਰੁਕ ਗਈ ਹੈ। ਚਮੋਲੀ ਜ਼ਿਲ੍ਹੇ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਪੁਲੀਸ ਸੁਪਰਡੈਂਟ (ਐੱਸਪੀ) ਸ਼ਵੇਤਾ ਚੌਬੇ ਨੇ ਦੱਸਿਆ ਕਿ ਖੇਤਰ ਵਿੱਚ 2 ਫੁੱਟ ਤੋਂ ਵੱਧ ਬਰਫ਼ਬਾਰੀ ਹੋਈ ਹੈ। ਇਸ ਕਾਰਨ ਗੋਵਿੰਦਘਾਟ ਅਤੇ ਘੰਗੜੀਆ ਵਿਖੇ ਤੀਰਥ ਯਾਤਰਾ ਰੁਕ ਗਈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਜੀਤ ਬਿੰਦਰਾ ਨੇ 7 ਸਤੰਬਰ ਨੂੰ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬਾਅਦ ਦੁਪਹਿਰ 1 ਵਜੇ ਬੰਦ ਕਰ ਦਿੱਤੇ ਜਾਣਗੇ। 15,225 ਫੁੱਟ ਦੀ ਉਚਾਈ ‘ਤੇ ਸਥਿਤ ਇਸ ਗੁਰਦੁਆਰੇ ‘ਚ 2 ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋ ਚੁੱਕੇ ਹਨ।

ਮੌਸਮ ਵਿਭਾਗ ਅਨੁਸਾਰ ਅੱਜ ਉੱਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਉਪ-ਹਿਮਾਲੀਅਨ ਪੱਛਮੀ ਬੰਗਾਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਤੱਟੀ ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਇਸ ਦੌਰਾਨ ਉੱਤਰਾਖੰਡ ਵਿੱਚ ਚੀਨ ਦੀ ਸਰਹੱਦ ਦੇ ਨੇੜੇ ਆਖਰੀ ਚੌਕੀ ਦਰਮਾ ਘਾਟੀ ਵਿੱਚ ਵੀ ਮੰਗਲਵਾਰ ਨੂੰ ਬਰਫ਼ਬਾਰੀ ਹੋਈ। ਇੱਥੇ ਇੱਕ ਫੁੱਟ ਤੋਂ ਵੱਧ ਬਰਫ਼ਬਾਰੀ ਹੋਣ ਨਾਲ ਉੱਚ ਹਿਮਾਲਿਆ ਖੇਤਰ ਵਿੱਚ ਦਰਮਾ ਘਾਟੀ ਦੇ 14 ਅਤੇ ਬਿਆਸ ਘਾਟੀ ਦੇ 7 ਪਿੰਡਾਂ ਵਿੱਚ ਠੰਡ ਵੱਧ ਗਈ ਹੈ।