ਹਿਮਾਚਲ ਪ੍ਰਦੇਸ਼ : ਕੁੱਤੇ ਨੂੰ ਮਨੁੱਖ ਦਾ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ। ਸਮੇਂ-ਸਮੇਂ ‘ਤੇ ਕੁਝ ਅਜਿਹੀਆਂ ਘਟਨਾਵਾਂ ਦੇਖਣ-ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਤੋਂ ਕੁੱਤਿਆਂ ਦੀ ਵਫ਼ਾਦਾਰੀ ਦਾ ਪਤਾ ਲੱਗਦਾ ਹੈ। ਕੁੱਤੇ ਦੀ ਵਫ਼ਾਦਾਰੀ ‘ਤੇ ਫ਼ਿਲਮ ਵੀ ਬਣੀ ਹੈ। ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ। ਇੱਥੇ ਬਿਲਿੰਗ ਵੈਲੀ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦਾ ਪਾਲਤੂ ਕੁੱਤਾ ਪਿਛਲੇ ਦੋ ਦਿਨਾਂ ਤੋਂ ਇਨ੍ਹਾਂ ਲਾਸ਼ਾਂ ਕੋਲ ਭੁੱਖਾ-ਪਿਆਸਾ ਬੈਠਾ ਰਿਹਾ।
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਬੀੜ-ਬਿਲਿੰਗ ’ਚ ਅਲਫਾ ਨਾਮ ਦਾ ਜਰਮਨ ਸ਼ੈਫਰਡ ਬਰਫ਼ ’ਚ ਨੌਂ ਹਜ਼ਾਰ ਫੁੱਟ ਉਚਾਈ ’ਤੇ 48 ਘੰਟੇ ਤੱਕ ਆਪਣੇ ਮਾਲਕ ਅਭਿਨੰਦਨ ਗੁਪਤਾ ਦੀ ਲਾਸ਼ ਕੋਲ ਪਹਿਰਾ ਦਿੰਦਾ ਰਿਹਾ। ਅਲਫਾ ਨੇ ਜੰਗਲੀ ਜਾਨਵਰਾਂ ਜਿਵੇਂ ਕਾਲਾ ਰਿੱਛ ਤੇ ਤੇਂਦੂਏ ਤੋਂ ਸਿਰਫ਼ ਆਪਣੀ ਜਾਨ ਹੀ ਨਹੀਂ ਬਚਾਈ ਬਲਕਿ ਉਸ ਨੇ ਆਪਣੇ ਮਾਲਕ ਅਤੇ ਉਸ ਦੀ ਦੋਸਤ ਦੀ ਲਾਸ਼ ਦੀ ਵੀ ਰੱਖਿਆ ਕੀਤੀ। ਲਾਸ਼ਾਂ ’ਤੇ ਜੰਗਲੀ ਜਾਨਵਰਾਂ ਦੇ ਹਮਲੇ ਦੇ ਨਿਸ਼ਾਨ ਸਨ। ਅਭਿਨੰਦਨ ਦੇ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਅਤੇ ਆਪਣੇ ਪਾਲਤੂ ਕੁੱਤੇ ਨੂੰ ਪਠਾਨਕੋਟ ਲਿਜਾਣ ਲਈ ਬੈਜਨਾਥ ਪਹੁੰਚ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਅਲਫ਼ਾ ਹੀ ਅਭਿਨੰਦਨ ਦੀ ਨਿਸ਼ਾਨੀ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਅਭਿਨੰਦਨ ਪੁਣੇ ਤੋਂ ਆਏ ਆਪਣੇ ਦੋਸਤ ਪਰਨੀਤਾ ਬਲ ਸਾਹਿਬ ਨਾਲ ਆਪਣੀ ਕਾਰ ਵਿੱਚ ਐਤਵਾਰ ਨੂੰ ਬਿਲਿੰਗ ਗਏ ਸਨ, ਜੋ ਪਾਲਮਪੁਰ ਦੇ ਨਜ਼ਦੀਕ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ। ਭਾਰੀ ਬਰਫ਼ਬਾਰੀ ਦੇ ਕਾਰਨ ਉਹ ਆਪਣੀ ਕਾਰ ਨੂੰ ਅੱਧੇ ਰਾਹ ’ਚ ਹੀ ਖੜ੍ਹਾ ਕੇ ਪੈਦਲ ਹੀ ਆਪਣੇ ਕੁੱਤੇ ਅਲਫ਼ਾ ਨਾਲ ਬਿਲਿੰਗ ਵੱਲ ਤੁਰ ਪਏ।
ਬੀੜ ਨੇੜੇ ਚੋਗਾਨ ’ਚ ਆਪਣੇ ਬੇਸ ਕੈਂਪ ਵੱਲ ਪਰਤਦੇ ਸਮੇਂ ਦੋਵੇਂ ਭਾਰੀ ਬਰਫ਼ ’ਚ ਤਿਲਕਣ ਕਾਰਨ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੇ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਦੋਵਾਂ ਨੇ ਖੱਡ ਤੋਂ ਬਾਹਰ ਆਉਣ ਲਈ ਕਾਫੀ ਕੋਸ਼ਿਸ਼ ਵੀ ਕੀਤੀ ਪਰ ਅਸਫ਼ਲ ਰਹੇ। ਦੇਖਣ ਵਿੱਚ ਲੱਗ ਰਿਹਾ ਸੀ ਕਿ ਕੜਾਕੇ ਦੀ ਠੰਢ ਤੇ ਸੱਟਾਂ ਕਾਰਨ ਦੋਵਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੁਲਿਸ ਤੇ ਪੈਰਾਗਲਾਈਡਰਾਂ ਦੀ ਬਚਾਅ ਟੀਮ ਲਾਸ਼ਾਂ ਕੋਲ ਪਹੁੰਚੀ ਤਾਂ ਉਥੇ ਉਨ੍ਹਾਂ ਨੇ ਕੁੱਤਾ ਰੋਂਦਾ ਹੋਇਆ ਮਿਲਿਆ। ਅਲਫ਼ਾ ਨੂੰ ਵੀ ਸੱਟਾਂ ਲੱਗੀਆਂ ਸਨ ਪਰ ਉਹ ਬਚ ਗਿਆ ਤੇ ਮੰਗਲਵਾਰ ਤੱਕ ਲਾਸ਼ਾਂ ਦੀ ਰਾਖੀ ਕਰਦਾ ਰਿਹਾ।
ਪੁਲਿਸ ਮੁਤਾਬਕ ਅਲਫਾ ਨਾਂ ਦਾ ਕੁੱਤਾ ਕਰੀਬ ਦੋ ਦਿਨਾਂ ਤੱਕ ਲਾਸ਼ਾਂ ਦੀ ਰਾਖੀ ਕਰਦਾ ਰਿਹਾ। ਮ੍ਰਿਤਕਾਂ ਦੀ ਪਛਾਣ ਅਭਿਨੰਦਨ ਗੁਪਤਾ (30) ਵਾਸੀ ਪਠਾਨਕੋਟ ਅਤੇ ਉਸ ਦੀ ਦੋਸਤ ਪ੍ਰਣੀਤਾ (26) ਵਾਸੀ ਪੁਣੇ ਵਜੋਂ ਹੋਈ ਹੈ।