India Punjab

ਲੁਧਿਆਣਾ ਦੇ ਨਾਮੀ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਦਿੱਲੀ ਤੋਂ ਕਾਬੂ , ਦੋਸ਼ੀ ਮਾਨਸਿਕ ਤੌਰ ‘ਤੇ ਬੀਮਾਰ

The person who threatened to blow up a famous hotel in Ludhiana with a bomb was arrested from Delhi

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਹਯਾਤ ਰੀਜੈਂਸੀ ਹੋਟਲ ਨੂੰ ਉਡਾਉਣ ਦੀ ਧਮਕੀ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਵੇਲੇ ਹੋਟਲ ਨੂੰ ਧਮਕੀ ਮਿਲੀ, ਉਸ ਸਮੇਂ ਹੋਟਲ ਵਿੱਚ 25 ਕਮਰੇ ਬੁੱਕ ਕੀਤੇ ਗਏ ਸਨ। ਇਸ ਮੌਕੇ 60 ਮਹਿਮਾਨਾਂ ਤੋਂ ਇਲਾਵਾ 90 ਸਟਾਫ਼ ਹਾਜ਼ਰ ਸੀ।

ਪੁਲਿਸ ਮੁਤਾਬਿਕ ਧਮਕੀ ਦੇਣ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਜਿਵੇਂ ਹੀ ਹੋਟਲ ਨੂੰ ਧਮਕੀ ਮਿਲੀ ਤਾਂ ਮੈਨੇਜਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਹੋਟਲ ਨੂੰ ਘੇਰਾ ਪਾ ਲਿਆ। ਹੋਟਲ ਦੇ ਸਾਰੇ ਕਮਰੇ ਬੁੱਕ ਕੀਤੇ ਗਏ ਸਨ, ਉਨ੍ਹਾਂ ਦੇ ਮਹਿਮਾਨਾਂ ਨੂੰ ਕਮਰਿਆਂ ਵਿੱਚੋਂ ਬਾਹਰ ਕੱਢ ਕੇ ਇੱਕ ਸੁਰੱਖਿਅਤ ਪਾਰਕ ਵਿੱਚ ਬਿਠਾਇਆ ਗਿਆ।

ਡੌਗ ਸਕੁਐਡ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਹੋਟਲ ਤੋਂ ਕੁਝ ਦੂਰੀ ‘ਤੇ ਡੌਗ ਸਕੁਐਡ ਦੀ ਗੱਡੀ ਖਰਾਬ ਗਈ, ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਧੱਕਾ ਦੇ ਕੇ ਸ਼ੁਰੂ ਕਰਵਾਇਆ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਆਉਣ ’ਤੇ ਕਾਫੀ ਦੇਰ ਬਾਅਦ ਕੁੱਤਿਆਂ ਦੀ ਟੀਮ ਪੁੱਜੀ, ਜਿਸ ਨੇ ਹੋਟਲ ਦੀ ਤਲਾਸ਼ੀ ਲਈ। ਸੁਰੱਖਿਆ ਕਰਮਚਾਰੀ ਦੇਰ ਰਾਤ ਤੱਕ ਹੋਟਲ ਦੇ ਬਾਹਰ ਤਾਇਨਾਤ ਰਹੇ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਇਲਾਕੇ ਦੇ ਐਸਐਚਓ ਨੂੰ ਵੀ ਇਲਾਕੇ ਵਿੱਚ ਗਸ਼ਤ ਵਧਾਉਣ ਦੇ ਆਦੇਸ਼ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜਲਦ ਹੀ ਹਿਆਤ ਰੀਜੈਂਸੀ ਧਮਕੀ ਮਾਮਲੇ ਵਿੱਚ ਖੁਲਾਸਾ ਕਰ ਸਕਦੀ ਹੈ। ਦੋਸ਼ੀ ਨੂੰ ਦਿੱਲੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੋਸ਼ੀ ਨੂੰ ਅੱਜ ਮਹਾਨਗਰ ਲਿਆਂਦਾ ਜਾ ਸਕਦਾ ਹੈ। ਪੁਲਿਸ ਮੁਲਜ਼ਮ ਦੀ ਕਾਲ ਡਿਟੇਲ ਆਦਿ ਦੀ ਜਾਂਚ ਕਰੇਗੀ ਕਿਉਂਕਿ ਉਹ ਕਈ ਹੋਰ ਸ਼ਹਿਰਾਂ ਦੇ ਵੱਖ-ਵੱਖ ਹੋਟਲਾਂ ਵਿੱਚ ਵੀ ਧਮਕੀਆਂ ਦੇ ਚੁੱਕਾ ਹੈ।