Punjab

ਪਿੰਡ ਮੁੰਧੋ ਸੰਗਤੀਆਂ ਦੇ ਲੋਕਾਂ ਨੇ ਪ੍ਰਵਾਸੀਆਂ ਖ਼ਿਲਾਫ਼ ਪਾਇਆ ਮਤਾ, ਪਿੰਡ ‘ਚੋਂ ਨਿਕਲਣ ਦਾ ਦਿੱਤਾ ਸਮਾਂ

ਮੁਹਾਲੀ (Mohali) ਦੇ ਪਿੰਡ ਮੁੰਧੋ ਸੰਗਤੀਆਂ ਨੇ ਪ੍ਰਵਾਸੀਆਂ ਖਿਲਾਫ ਵੱਡਾ ਐਕਸ਼ਨ ਲੈਂਦਿਆਂ ਪਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਨਾ ਰਹਿਣ ਦਾ ਮਤਾ ਪਾਸ ਕੀਤਾ ਹੈ। ਇਹ ਫੈਸਲਾ ਪਿੰਡ ਦੇ ਲੋਕਾਂ ਨੌਜਵਾਨਾਂ ਦੀ ਅਗਵਾਈ ਹੇਠ ਇਕੱਠੇ ਹੋ ਕਿ ਸਰਬਸੰਮਤੀ ਨਾਲ ਲਿਆ ਹੈ। ਇਹ ਫੈਸਲਾ ਲੈਣ ਦਾ ਕਾਰਨ ਪਿੰਡ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਹੋ ਰਹੀਆਂ ਚੋਰੀਆਂ ਦੇ ਪਿੱਛੇ ਪ੍ਰਵਾਸੀਆਂ ਦਾ ਹੱਥ ਹੈ। ਉਹ ਲਗਾਤਾਰ ਚੋਰੀ ਕਰ ਰਹੇ ਹਨ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਨਾ ਤਾਂ ਪ੍ਰਵਾਸੀਆਂ ਨੂੰ ਰਹਿਣ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਦਾ ਇੱਥੇ ਆਧਾਰ ਅਤੇ ਵੋਟਰ ਕਾਰਡ ਬਣਨ ਦਿੱਤਾ ਜਾਵੇਗਾ।

ਪਿੰਡ ਵਾਸੀਆਂ ਵੱਲੋਂ ਪ੍ਰਵਾਸੀਆਂ ਨੂੰ ਪਿੰਡ ਛੱਡਣ ਲਈ ਕੁਝ ਦਿਨ ਦਾ ਸਮਾਂ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਪਿੱਛੇ ਦੂਜੇ ਰਾਜਾਂ ਤੋਂ ਆਏ ਲੋਕ ਲੋਕਾਂ ਦਾ ਹੱਥ ਹੁੰਦਾ ਹੈ। ਪਿੰਡ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੀ ਲੱਖਾ ਸਿਧਾਣਾ ਵੱਲੋਂ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਰੇਲ ਰਾਹੀਂ ਆ ਕੇ ਪੰਜਾਬ ਵਿੱਚ ਮਾੜੇ ਕੰਮ ਕਰਕੇ ਫਰਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਕਿਉਂਕਿ ਇਨ੍ਹਾਂ ਦੇ ਪਿਛੋਕੜ ਦੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੁੰਦੀ। ਲੱਖਾ ਸਿਧਾਣਾ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨਾਲ ਸਹਿਮਤੀ ਜਤਾਈ ਹੈ।

ਪ੍ਰਵਾਸੀ ਲੋਕ ਫੈਸਲੇ ਤੋਂ ਦੁੱਖੀ

ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਆਜ਼ਾਦ ਦੇਸ਼ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਸੇ ਕਿ ਇਸ ਫੈਸਲੇ ਨਾਲ ਉਹ ਨਿਰਾਸ਼ ਹੋਏ ਹਨ, ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਕਰਨੀ ਚਾਹੀਦੀ ਹੈ। ਉਹ ਆਪਣੀ ਰੋਜੀ ਰੋਟੀ ਦੀ ਖਾਤਰ ਪੰਜਾਬ ਆਏ ਹਨ ਅਤੇ ਪੰਜਾਬ ਨੇ ਉਨ੍ਹਾਂ ਨੂੰ ਰੁਜ਼ਗਾਰ ਅਤੇ ਇੱਜਤ ਦਿੱਤੀ ਹੈ। ਇਸ ਫੈਸਲੇ ਨਾਲ ਪ੍ਰਵਾਸੀਆਂ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ।

ਇਹ ਵੀ ਪੜ੍ਹੋ –   ਹਿਮਾਚਲ ’ਚ 3 ਥਾਵਾਂ ’ਤੇ ਫਟਿਆ ਬੱਦਲ! 51 ਲੋਕ ਲਾਪਤਾ, 2 ਲਾਸ਼ਾਂ ਮਿਲੀਆਂ; ਘਰ-ਸਕੂਲ ਤੇ ਬਿਜਲੀ ਪ੍ਰੋਜੈਕਟ ਰੁੜ੍ਹੇ, ਸਕੂਲਾਂ ’ਚ ਛੁੱਟੀ