ਬਠਿੰਡਾ ‘ਚ ਵਿਰਾਸਤੀ ਮੇਲੇ ‘ਚ ਪਹੁੰਚੇ ਹਰਸਿਮਰਤ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ( Harsimrat Kaur Badal ) ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਦੇ ਹਵਾਲੇ ਨਾਲ ਟਿੱਪਣੀ ਕੀਤੀ ਕਿ ਦੋਵੇਂ ਰਾਜਾਂ ਦੇ ਵੋਟਰ ਪੰਜਾਬੀਆਂ ਤੋਂ ਸਿਆਣੇ ਨਿਕਲੇ, ਜੋ ਬਦਲਾਅ ਲਿਆਉਣ ਦੇ ਲਾਰਿਆਂ ਅਤੇ ਗਾਰੰਟੀਆਂ ਦੇ ਝਾਂਸੇ ’ਚ ਨਹੀਂ ਫਸੇ। ਉਨ੍ਹਾਂ ਬਗ਼ੈਰ ਨਾਂ ਲਿਆਂ ‘ਆਪ’ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਆਉਣ ਵਾਲੇ ਸਮੇਂ ’ਚ ਉਨ੍ਹਾਂ ਨੂੰ ਸਬਕ ਜ਼ਰੂਰ ਸਿਖਾਵਾਂਗੇ।
ਦੱਸ ਦਈਏ ਕਿ 16ਵੇਂ ਵਿਰਾਸਤੀ ਮੇਲੇ ਦੇ ਆਗ਼ਾਜ਼ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਪਹੁੰਚੇ। ਇਸ ਮੌਕੇ ਦੋਵਾਂ ਨੇ ਇਕੱਠਿਆਂ ਇੱਕ ਬੁਲੇਟ ਮੋਟਰਸਾਈਕਲ ਦੀ ਸਵਾਰੀ ਵੀ ਕੀਤੀ। ਸਾਬਕਾ ਕੇਂਦਰੀ ਮੰਤਰੀ ਵੱਲੋਂ ਬੁਲੇਟ ਚਲਾਉਣ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ
ਇਸੇ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਤਰੱਕੀਆਂ ਕਰ ਰਿਹਾ ਸੀ, ਪਰ ਹੁਣ ਸਭ ਕੰਮ ਰੁਕ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ’ਚ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਗਲੀ-ਗਲੀ ਵਿੱਚ ਨਸ਼ੇ ਵਿਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤੇ ਲੋਕਾਂ ਨੂੰ ਨਿੱਤ-ਦਿਨ ਫਿਰੌਤੀਆਂ ਲਈ ਕਾਲਾਂ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪਿਛਲੇ ਦੋ ਮਹੀਨਿਆਂ ਦੀਆਂ ਵਾਰਦਾਤਾਂ ਮਿਸਾਲ ਹਨ ਕਿ ਜਿਨ੍ਹਾਂ ਕੋਲ ਸੁਰੱਖਿਆ ਸੀ, ਉਨ੍ਹਾਂ ਨੂੰ ਵੀ ਪੁਲੀਸ ਦੀ ਹਾਜ਼ਰੀ ’ਚ ਕਤਲ ਕਰ ਦਿੱਤਾ ਗਿਆ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਹਰ ਮਹੀਨੇ 1880 ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਪਾਵਰਕੌਮ ਨੂੰ ਮੁਫ਼ਤ ਬਿਜਲੀ ਲਈ ਅਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖ਼ਪਤਕਾਰ ਜ਼ੀਰੋ ਬਿੱਲ ਵੇਖ ਕੇ ਖ਼ੁਸ਼ ਹੋ ਰਹੇ ਹਨ, ਪਰ ਸਰਕਾਰ ਹੁਣ ਤੱਕ ਸੂਬੇ ਦੇ ਸਿਰ 12 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਪੰਜਾਬ ਕਰਜ਼ੇ ਨਾਲ ਖੋਖਲਾ ਹੁੰਦਾ ਗਿਆ ਤਾਂ ਹੁਣ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਨੌਕਰੀਆਂ ਨਹੀਂ ਮਿਲਣਗੀਆਂ।